
ਨਵੀਂ ਦਿੱਲੀ, 12 ਜਨਵਰੀ : ਕੇਰਲ ਦੇ ਪਥਾਨਮਥਿੱਟਾ ਵਿੱਚ ਇੱਕ ਦਲਿਤ ਕੁੜੀ ਨਾਲ ਹੋਏ ਬਲਾਤਕਾਰ ਦੇ ਮਾਮਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ। ਉਸ ਨਾਲ 5 ਸਾਲਾਂ ਵਿੱਚ 60 ਲੋਕਾਂ ਨੇ ਬਲਾਤਕਾਰ ਕੀਤਾ। ਪੀੜਤਾ ਦੀ ਸ਼ਿਕਾਇਤ ‘ਤੇ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਅਪਰਾਧ ਦੇ ਸਮੇਂ ਕੁੜੀ ਨਾਬਾਲਗ ਸੀ। ਇਸ ਲਈ ਮਾਮਲਾ ਪਥਾਨਮਥਿੱਟਾ ਬਾਲ ਭਲਾਈ ਕਮੇਟੀ ਕੋਲ ਦਰਜ ਹੋਇਆ ਹੈ। ਸੀਡਬਲਯੂਸੀ ਪਥਾਨਮਥਿੱਟਾ ਜ਼ਿਲ੍ਹੇ ਦੇ ਪ੍ਰਧਾਨ ਐੱਨ. ਰਾਜੀਵ ਨੇ ਦੱਸਿਆ ਕਿ ਪਥਾਨਮਥਿੱਟਾ ਐੱਸ.ਪੀ. ਕੋਲ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਨੇ ਜਾਂਚ ਕਰਕੇ 5 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
‘ਮਹਿਲਾ ਸਾਮਾਕਿਆ’ ਨਾਂ ਦੀ ਇੱਕ ਗੈਰ-ਸਰਕਾਰੀ ਸੰਸਥਾ ਹੈ, ਜੋ ਔਰਤਾਂ ਦੇ ਹੱਕਾਂ ਲਈ ਕੰਮ ਕਰਦੀ ਹੈ। ਉਹ ਖੇਤਰ ਦੇ ਦੌਰੇ ‘ਤੇ ਸੀ। ਇਸ ਦੌਰਾਨ ਕੁੜੀ ਨਾਲ ਮੁਲਾਕਾਤ ਹੋਈ। ਉਸਦੀ ਆਪਬੀਤੀ ਸੁਣ ਕੇ ਸਭ ਹੈਰਾਨ ਹੋ ਗਏ। ਉਨ੍ਹਾਂ ਨੇ ਸੀਡਬਲਯੂਸੀ ਨੂੰ ਕੁੜੀ ਬਾਰੇ ਜਾਣਕਾਰੀ ਦਿੱਤੀ। ਉਸ ਤੋਂ ਬਾਅਦ ਸੀਡਬਲਯੂਸੀ ਦੇ ਅਧਿਕਾਰੀਆਂ ਨੇ ਕੁੜੀ ਨਾਲ ਸੰਪਰਕ ਕੀਤਾ। ਉਸਦੀ ਕਾਊਂਸਲਿੰਗ ਕਰਕੇ ਸਾਰੀ ਜਾਣਕਾਰੀ ਇਕੱਠੀ ਕੀਤੀ।
ਕੁੜੀ ਨੇ ਜਾਣਕਾਰੀ ਦਿੱਤੀ ਕਿ ਉਸ ਨਾਲ ਪਹਿਲੀ ਵਾਰ ਜਿਨਸੀ ਸ਼ੋਸ਼ਣ 13 ਸਾਲ ਦੀ ਉਮਰ ਵਿੱਚ ਹੋਇਆ ਸੀ। ਗੁਆਂਢੀ ਨੇ ਉਸਦਾ ਜਿਨਸੀ ਸ਼ੋਸ਼ਣ ਕਰਕੇ ਅਸ਼ਲੀਲ ਵੀਡੀਓ ਬਣਾ ਲਈ ਸੀ। ਉਸਨੂੰ ਕਈ ਗਰੁੱਪਾਂ ਵਿੱਚ ਸ਼ੇਅਰ ਕਰ ਦਿੱਤਾ ਸੀ, ਜਿਸ ਕਰਕੇ ਉਸ ਬਾਰੇ ਲੋਕਾਂ ਦੀ ਗਲਤ ਧਾਰਨਾ ਬਣ ਗਈ ਸੀ। ਇਸ ਵੀਡੀਓ ਦੀ ਵਰਤੋਂ ਕਰਕੇ ਕਈ ਲੋਕਾਂ ਨੇ ਉਸ ਨਾਲ ਜ਼ਬਰਦਸਤੀ ਕੀਤੀ।
ਉਹ ਜ਼ਿਲ੍ਹਾ ਪੱਧਰ ਦੀ ਐਥਲੀਟ ਸੀ। ਇਸ ਲਈ ਕਈ ਥਾਵਾਂ ‘ਤੇ ਖੇਡਣ ਲਈ ਜਾਂਦੀ ਸੀ। ਖੇਡ ਦੀ ਪ੍ਰੈਕਟਿਸ ਵੀ ਕਰਦੀ ਸੀ। ਵੀਡੀਓ ਵਾਇਰਲ ਹੋਣ ਕਾਰਨ ਜ਼ਿੰਦਗੀ ਨਰਕ ਬਣ ਗਈ ਸੀ। ਉਸ ਵੀਡੀਓ ਨੂੰ ਦੇਖ ਕੇ ਕੋਚ, ਸਾਥੀ ਐਥਲੀਟ ਅਤੇ ਸਹਿਪਾਠੀਆਂ ਨੇ ਵੀ ਬਲਾਤਕਾਰ ਕੀਤਾ। ਉਸ ਸਮੇਂ ਪੀੜਤਾ ਦੀ ਉਮਰ ਲਗਭਗ 16 ਸਾਲ ਦੀ ਸੀ।
ਰਾਜੀਵ ਨੇ ਦੱਸਿਆ ਕਿ ਉਸਨੇ ਆਪਣੇ ਸ਼ਰਾਬੀ ਪਿਤਾ ਦਾ ਮੋਬਾਈਲ ਫੋਨ ਵਰਤਿਆ, ਜਿਸ ਵਿੱਚ ਕਈ ਸ਼ੱਕੀ ਨੰਬਰ ਸਨ। ਨਿਰਭੈ ਯੋਜਨਾ ਦੇ ਮਨੋਵਿਗਿਆਨੀਆਂ ਨੇ ਉਸਦੇ ਦੋਸ਼ਾਂ ਦੀ ਵਿਸ਼ਵਾਸਯੋਗਤਾ ਦੀ ਜਾਂਚ ਕੀਤੀ। ਪਿਤਾ ਦੇ ਮੋਬਾਈਲ ਦੀ ਵੀ ਜਾਂਚ ਕੀਤੀ ਗਈ। ਸੀਡਬਲਯੂਸੀ ਨੇ ਕੁੜੀ ਨੂੰ ਸੁਰੱਖਿਅਤ ਰੱਖਣ ਲਈ ਆਸ਼ਰਮ ਵਿੱਚ ਰੱਖਿਆ ਹੈ। ਇਸ ਮਾਮਲੇ ਵਿੱਚ ਹੋਰ ਲੋਕਾਂ ਦੇ ਨਾਂ ਵੀ ਸਾਹਮਣੇ ਆ ਸਕਦੇ ਹਨ।