
ਮੋਹਾਲੀ, 12 ਜਨਵਰੀ : ਪੰਜਾਬ ਦੇ ਮੋਹਾਲੀ ‘ਚ ਦਸਵੀਂ ਪਾਸ ਇੱਕ ਨੌਜਵਾਨ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਜੋ ਕਿ ਸਬ ਇੰਸਪੈਕਟਰ ਬਣ ਕੇ ਪੁਲਿਸ ਵਰਦੀ ‘ਚ ਮਾਰਕੀਟ ਦੀ ਚੈਕਿੰਗ ਕਰ ਰਿਹਾ ਸੀ। ਇੰਨਾ ਹੀ ਨਹੀਂ ਲੋਕਾਂ ‘ਤੇ ਆਪਣਾ ਰੋਅਬ ਦਿਖਾਉਣ ਲਈ ਗਾਲੀ-ਗਲੌਚ ਵੀ ਕਰ ਰਿਹਾ ਸੀ। ਪਰ ਉਸ ਦੇ ਇਸ ਵਿਵਹਾਰ ਨੇ ਉਸ ਨੂੰ ਸਲਾਖਾਂ ਦੇ ਪਿੱਛੇ ਪਹੁੰਚਾ ਦਿੱਤਾ। ਦੋਸ਼ੀ ਦੀ ਪਛਾਣ ਪਟਿਆਲਾ ਵਾਸੀ ਮਨਦੀਪ ਸਿੰਘ ਵਜੋਂ ਹੋਈ ਹੈ। ਮਟੌਰ ਥਾਣੇ ਦੀ ਪੁਲਿਸ ਨੇ ਦੋਸ਼ੀ ‘ਤੇ ਬੀ.ਐੱਨ.ਐੱਸ. ਦੀ ਧਾਰਾ 204 ਅਤੇ 205 ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਕੱਲ੍ਹ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਪੁਲਿਸ ਵਲੋਂ ਉਸ ਦਾ ਰਿਮਾਂਡ ਹਾਸਲ ਕਰਕੇ ਉਸ ਤੋਂ ਪੁੱਛ-ਗਿੱਛ ਕੀਤੀ ਜਾਵੇਗੀ।
ਏ.ਐੱਸ.ਪੀ. ਸਿਟੀ ਜਯੰਤ ਪੁਰੀ ਨੇ ਦੱਸਿਆ ਕਿ ਸਾਨੂੰ 10 ਤਰੀਕ ਦੀ ਰਾਤ ਨੂੰ ਫੇਜ਼-3ਬੀ2 ਦੀ ਮਾਰਕੀਟ ਤੋਂ ਸੂਚਨਾ ਆਈ ਸੀ ਕਿ ਇੱਕ ਸਬ ਇੰਸਪੈਕਟਰ ਚੈਕਿੰਗ ਕਰ ਰਿਹਾ ਹੈ। ਉਹ ਲੋਕਾਂ ਨਾਲ ਗਾਲੀ-ਗਲੌਚ ਕਰ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ। ਜਦੋਂ ਉੱਥੇ ਪੀ.ਸੀ.ਆਰ. ਟੀਮ ਪਹੁੰਚੀ ਤਾਂ ਉਸ ਤੋਂ ਇਸ ਬਾਰੇ ਪੁੱਛਿਆ, ਪਰ ਉਹ ਕੁਝ ਨਹੀਂ ਬੋਲ ਸਕਿਆ। ਨਾ ਹੀ ਉਹ ਕੋਈ ਦਸਤਾਵੇਜ਼ ਪੇਸ਼ ਕਰ ਸਕਿਆ ਹੈ। ਇਸ ਤੋਂ ਬਾਅਦ ਉਸ ਦੀ ਸਾਰੀ ਪੋਲ ਖੁੱਲ੍ਹ ਗਈ।
ਪਤਾ ਲੱਗਾ ਕਿ ਇਹ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਸੀ। ਪੁੱਛ-ਗਿੱਛ ‘ਚ ਹੁਣ ਤੱਕ ਲੋਕਾਂ ਤੋਂ ਕਿਸੇ ਤਰ੍ਹਾਂ ਦੇ ਪੈਸੇ ਲੈਣ ਦੀ ਗੱਲ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਉਹ ਸੋਸ਼ਲ ਮੀਡੀਆ ‘ਤੇ ਬਹੁਤ ਐਕਟਿਵ ਹੈ। ਉਸ ਨੇ ਇੱਕ ਯੂਟਿਊਬ ਚੈਨਲ ਬਣਾਇਆ ਹੋਇਆ ਹੈ। ਉਹ ਇਸ ‘ਚ ਪੰਜਾਬ ਪੁਲਿਸ ਦੀ ਡਰੈੱਸ ‘ਚ ਐਕਟਿਵ ਹੁੰਦਾ ਹੈ।
ਜਾਂਚ ‘ਚ ਪਤਾ ਲੱਗਾ ਹੈ ਕਿ ਦੋਸ਼ੀ ਨੇ ਕੁਝ ਦਿਨ ਪਹਿਲਾਂ ਸਿਕਿਊਰਿਟੀ ਗਾਰਡ ਦੀ ਨੌਕਰੀ ਛੱਡੀ ਸੀ। ਉਹ ਆਨੰਦਪੁਰ ਸਾਹਿਬ ਤੋਂ ਆਇਆ ਸੀ। ਹਾਲਾਂਕਿ ਹੁਣ ਤੱਕ ਉਸ ਨੇ ਲੋਕਾਂ ਤੋਂ ਪੈਸੇ ਲਏ ਹਨ। ਇਸ ਬਾਰੇ ਦੀ ਪੜਤਾਲ ਕੀਤੀ ਜਾਵੇਗੀ। ਉਹ ਕਾਫੀ ਸਮੇਂ ਤੋਂ ਲੋਕਾਂ ਨੂੰ ਗੁਮਰਾਹ ਕਰ ਰਿਹਾ ਸੀ। ਲੋਕਲ ਥਾਣੇ ਤੋਂ ਰਿਪੋਰਟ ਮੰਗੀ ਗਈ ਹੈ। ਨਾਲ ਹੀ, ਉਹ ਵਰਦੀ ਆਦਿ ਕਿੱਥੋਂ ਲੈ ਕੇ ਆਇਆ ਹੈ। ਇਸ ਦੀ ਪੜਤਾਲ ਕੀਤੀ ਜਾ ਰਹੀ ਹੈ। ਹੁਣ ਪੁਲਿਸ ਇਹ ਪਤਾ ਲਗਾਉਣ ‘ਚ ਲੱਗੀ ਹੈ ਕਿ ਆਖਿਰ ਇਸ ਨੇ ਡਰੈੱਸ ਕਿਸ ਤੋਂ ਖਰੀਦੀ ਹੈ।