
ਸੰਗਰੂਰ, 12 ਜਨਵਰੀ : ਇਕ ਸੜਕ ਹਾਦਸੇ ਵਿਚ ਪਿਛਲੇ ਦਿਨੀਂ ਫੱਟੜ ਹੋਏ ਸੜਕ ਸੁਰੱਖਿਆ ਫੋਰਸ ਦੇ ਜਵਾਨ ਹਰਸ਼ਵੀਰ ਸਿੰਘ ਦੀ ਹਸਪਤਾਲ ਵਿਚ ਮੌਤ ਹੋ ਗਈ। ਇਸ ਮੌਤ ਨਾਲ ਇਲਾਕੇ ਵਿਚ ਭਾਰੀ ਸੋਗ ਪਾਇਆ ਜਾ ਰਿਹਾ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਰਸ਼ਵੀਰ ਸਿੰਘ ਦੀ ਮੌਤ ‘ਤੇ ਦੁੱਖ ਪ੍ਰਗਟ ਕਰਦਿਆਂ ਉਸ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵਲੋਂ ਇਕ ਕਰੋੜ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਪਰਿਵਾਰ ਨੂੰ ਐਚ ਡੀ ਐਫ ਸੀ ਬੈਂਕ ਵਲੋਂ ਵੀ ਇਕ ਕਰੋੜ ਰੁਪਏ ਦੀ ਬੀਮਾ ਰਾਸ਼ੀ ਦਿੱਤੀ ਜਾਵੇਗੀ, ਕਿਉਂਕਿ ਸੜਕ ਸੁਰੱਖਿਆ ਜਵਾਨਾਂ ਦਾ ਸਰਕਾਰ ਵਲੋਂ ਬੀਮਾ ਕਰਵਾਇਆ ਹੋਇਆ ਹੈ।
ਪਿਛਲੇ ਦਿਨੀਂ ਸੰਗਰੂਰ ਜਿਲੇ ਵਿਚ ਹਰਸ਼ਵੀਰ ਸਿੰਘ ਆਪਣੀ ਡਿਊਟੀ ਨਿਭਾਅ ਰਿਹਾ ਸੀ ਕਿ ਅਚਾਨਕ ਉਨ੍ਹਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਭਵਾਨੀਗੜ੍ਹ ਨੇੜੇ ਬਾਲਦ ਕੈਂਚੀਆਂ ਨੇੜੇ ਇਕ ਸਵਿਫਟ ਕਾਰ ਚਾਲਕ ਨਸ਼ੇ ਵਿਚ ਧੁੱਤ ਸੀ ਅਤੇ ਬਹੁਤ ਹੀ ਲਾਪਰਵਾਹੀ ਨਾਲ ਗੱਡੀ ਚਲਾ ਰਿਹਾ ਸੀ। ਉਸ ਦੀ ਗੱਡੀ ਅਚਾਨਕ ਸੜਕ ਸੁਰੱਖਿਆ ਫੋਰਸ ਦੀ ਗੱਡੀ ਨਾਲ ਟਕਰਾ ਗਈ, ਜਿਸ ਨਾਲ ਗੱਡੀ ਵਿਚ ਸਵਾਰ ਜਵਾਨ ਜਖਮੀ ਹੋ ਗਏ। ਇਨ੍ਹਾਂ ਵਿਚੋਂ ਹਰਸ਼ਵੀਰ ਸਿੰਘ ਜਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਪੀ ਜੀ ਆਈ ਚੰਡੀਗੜ੍ਹ ਭੇਜ ਦਿੱਤਾ ਗਿਆ, ਜਿਥੇ ਕੱਲ੍ਹ ਉਸਦੀ ਮੌਤ ਹੋ ਗਈ। ਹਰਸ਼ਵੀਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਪਿਛਲੇ ਸਾਲ 2023 ਵਿਚ ਹੀ ਪੁਲੀਸ ਵਿਚ ਭਰਤੀ ਹੋਇਆ ਸੀ।