
ਚੰਡੀਗੜ੍ਰ, 12 ਜਨਵਰੀ : ਆਬਕਾਰੀ ਵਿਭਾਗ ਮੋਹਾਲੀ ਅਤੇ ਪੰਜਾਬ ਪੁਲੀਸ ਨੇ ਸਾਂਝੇ ਅਪ੍ਰੇਸ਼ਨ ਦੌਰਾਨ ਇਕ ਟਰੱਕ ਨੂੰ ਕਾਬੂ ਕਰਕੇ ਉਸ ਵਿਚੋਂ 200 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਹ ਸ਼ਰਾਬ ਕੇਵਲ ਚੰਡੀਗੜ੍ਹ ਵਿਚ ਹੀ ਵਿਕਰੀ ਲਈ ਜਾਰੀ ਕੀਤੀ ਗਈ ਸੀ ਅਤੇ ਸਾਰੀਆਂ ਬੋਤਲਾਂ ਉੱਪਰ ਛਪਿਆ ਹੋਇਆ ਸੀ ‘ਸਿਰਫ ਚੰਡੀਗੜ੍ਹ ਵਿਚ ਵਿੱਕਰੀ ਲਈ’। ਪਰ ਇਹ ਸ਼ਰਾਬ ਦੀਆਂ 220 ਬੋਤਲਾਂ ਪੰਜਾਬ ਵਿਚ ਨਾਜਾਇਜ਼ ਤੌਰ ‘ਤੇ ਵੇਚਣ ਲਈ ਲਿਜਾਈਆਂ ਜਾ ਰਹੀਆਂ ਸਨ।
ਮੰਤਰੀ ਨੇ ਦੱਸਿਆ ਕਿ ਪੰਜਾਬ ਵਿਚ ਚੰਡੀਗੜ੍ਹ ਤੋਂ ਲਿਆ ਕੇ ਕੀਤੀ ਜਾਂਦੀ ਸ਼ਰਾਬ ਦੀ ਵਿੱਕਰੀ ਵਿਰੁੱਧ ਕੀਤੀਆਂ ਗਈਆਂ 6 ਵੱਡੀਆਂ ਕਾਰਵਾਈਆਂ ਵਿਚੋਂ ਇਹ ਇਕ ਮਹੱਤਵਪੂਰਨ ਪ੍ਰਾਪਤੀ ਹੈ। ਇਸ ਬੰਧੀ ਪੁਲੀਸ ਥਾਣਾ ਹੰਡੇਸਰਾ ਵਿਖੇ ਪਰਚਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਮੋਹਾਲੀ ਜਿਲੇ ਦੇ ਵੱਖ ਵੱਖ ਥਾਣਿਆਂ ਵਿਚ 6 ਹੋਰ ਪਰਚੇ ਦਰਜ ਕੀਤੇ ਗਏ ਹਨ। ਵਿੱਤ ਮੰਤਰੀ ਨੇ ਦੱਸਿਆ ਕਿ ਪੰਜਾਬ ਵਿਚ ਸ਼ਰਾਬ ਦੀ ਤਸਕਰੀ ਨੂੰ ਲੈ ਕੇ ਚਾਲੂ ਵਿੱਤੀ ਵਰ੍ਹੇ ਦੌਰਾਨ 31 ਦਸੰਬਰ ਤੱਕ 114 ਪਰਚੇ ਦਰਜ ਕੀਤੇ ਗੲੈ ਹਨ ਅਤੇ 30 ਹਜਾਰ 96 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵਲੋਂ ਕਿਸੇ ਵੀ ਨਾਜਾਇਜ਼ ਧੰਦੇ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਵਿਚ ਕੋਈ ਗੈਰਕਾਨੂੰਨੀ ਕਾਰਵਾਈ ਕਰਨ ਵਾਲੇ ਖਿਲਾਫ ਕਾਨੂੰਨ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਗੈਰਕਾਨੂੰਨੀ ਧੰਦਾ ਕਰਨ ਵਾਲੇ ਕਿਸੇ ਵੀ ਵਿਅਕਤੀ ਦਾ ਸਾਥ ਨਾ ਦਿੱਤਾ ਜਾਵੇ, ਕਿਉਂਕਿ ਗੈਰਕਾਨੂੰਨੀ ਧੰਦਿਆਂ ਨਾਲ ਪੰਜਾਬ ਦੇ ਅਰਥਚਾਰੇ ‘ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।