
ਚੰਡੀਗੜ੍ਹ, 23 ਨਵੰਬਰ : ਪੰਜਾਬ ਦੀਆਂ ਚਾਰ ਵਿਧਾਨ ਸਭਾ ਚੋਣਾ ਲਈ 20 ਨਵੰਬਰ ਨੂੰ ਪਈਆਂ ਵੋਟਾਂ ਦੀ ਅੱਜ ਗਿਣਤੀ ਕੀਤੀ ਗਈ। ਇਸ ਦੌਰਾਨ ਚਾਰ ਵਿਚੋਂ ਤਿੰਨ ਹਲਕਿਆਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ, ਜਦਕਿ ਇਕ ਹਲਕੇ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਜਿੱਤ ਹਾਸਲ ਕੀਤੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪ ਦੀ ਵੱਡੀ ਜਿੱਤ ਲਈ ਪੰਜਾਬ ਦੇ ਵੋਟਰਾਂ ਦਾ ਧੰਨਵਾਦ ਕੀਤਾ।
ਅੱਜ ਆਏ ਚੋਣ ਨਤੀਜਿਆਂ ਦੌਰਾਨ ਜਿਲਾ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਸ਼ਾਂਕ ਕੁਮਾਰ ਚੱਬੇਵਾਲ ਨੇ 51904 ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ। ਉਨ੍ਹਾਂ ਦੇ ਵਿਰੋਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਰਣਜੀਤ ਕੁਮਾਰ ਨੂੰ 23214 ਵੋਟਾਂ ਮਿਲੀਆਂ। ਇਸ ਤਰਾਂ ਇਸ਼ਾਂਕ ਚੱਬੇਵਾਲ 28690 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਹਾਸਲ ਕਰਕੇ ਛੋਟੀ ਉਮਰ ਦੇ ਵਿਧਾਇਕ ਚੁਣੇ ਗਏ। ਇਸ਼ਾਂਕ ਚੱਬੇਵਾਲ ਦੇ ਪਿਤਾ ਜੀ ਡਾ. ਰਾਜ ਕੁਮਾਰ ਚੱਬੇਵਾਲ ਇਸੇ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ, ਪਰ ਪਿਛਲੀਆਂ ਲੋਕ ਸਭਾ ਚੋਣਾ ਵਿਚ ਉਹ ਲੋਕ ਸਭਾ ਮੈਂਬਰ ਚੁਣੇ ਗਏ ਸਨ।
ਵਿਧਾਨ ਸਭਾ ਹਲਕਾ ਬਰਨਾਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ 28254 ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ। ਉਨ੍ਹਾਂ ਦੇ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੂੰ 26097 ਵੋਟਾਂ ਹਾਸਲ ਹੋਈਆਂ ਅਤੇ ਕੁਲਦੀਪ ਸਿੰਘ ਕਾਲਾ ਢਿੱਲੋਂ 2157 ਵੋਟਾਂ ਦੇ ਫਰਕ ਨਾਲ ਜੇਤੂ ਐਲਾਨੇ ਗਏ।
ਇਸੇ ਤਰਾਂ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੇ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਆਪਣੇ ਵਿਰੋਧੀ ਉਮੀਦਵਾਰ ਜਤਿੰਦਰ ਕੌਰ ਰੰਧਾਵਾ ਨੂੰ ਹਰਾ ਕੇ 5477 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ। ਜਤਿੰਦਰ ਕੌਰ ਰੰਧਾਵਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਪਤਨੀ ਹਨ।
ਵਿਧਾਨ ਸਭਾ ਹਲਕਾ ਗਿੱਦੜਬਹਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ 71644 ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਆਪਣੇ ਵਿਰੋਧੀ ਅੰਮ੍ਰਿਤਾ ਵੜਿੰਗ ਨੂੰ 21969 ਵੋਟਾਂ ਦੇ ਫਰਕ ਨਾਲ ਹਰਾਇਆ। ਉਨ੍ਹਾਂ ਦੇ ਵਿਰੋਧੀ ਉਮੀਦਵਾਰ ਅੰਮ੍ਰਿਤਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਪਤਨੀ ਹਨ, ਜੋ ਕਿ ਕੇਵਲ 49675 ਵੋਟਾਂ ਹੀ ਹਾਸਲ ਕਰ ਸਕੇ। ਇਸ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਕੇਵਲ 12227 ਵੋਟਾਂ ਹੀ ਹਾਸਲ ਹੋਈਆਂ ਅਤੇ ਉਹ ਤੀਜੇ ਸਥਾਨ ‘ਤੇ ਰਹੇ। ਹਰਦੀਪ ਸਿੰਘ ਢਿੱਲੋਂ ਲੰਮੇ ਸਮੇਂ ਅਕਾਲੀ ਦਲ ਦੇ ਸੀਨੀਅਰ ਆਗੂ ਵਜੋਂ ਕੰਮ ਕਰ ਰਹੇ ਸਨ ਅਤੇ ਸੁਖਬੀਰ ਸਿੰਘ ਬਾਦਲ ਦੀ ਸੱਜੀ ਬਾਂਹ ਮੰਨੇ ਜਾਂਦੇ ਸਨ। ਪਰ ਇਸ ਵਾਰ ਉਨ੍ਹਾਂ ਨੇ ਅਕਾਲੀ ਦਲ ਤੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਸੀ। ਆਮ ਆਦਮੀ ਪਾਰਟੀ ਨੇ ਡਿੰਪੀ ਢਿੱਲੋਂ ਨੂੰ ਆਪਣਾ ਉਮੀਦਵਾਰ ਐਲਾਨਿਆ ਸੀ ਅਤੇ ਡਿੰਪੀ ਢਿੱਲੋਂ ਨੇ ਗਿੱਦੜਬਹਾ ਹਲਕੇ ਤੋਂ ਜਿੱਤ ਹਾਸਲ ਕੀਤੀ।