Tuesday, December 3Malwa News
Shadow

ਆਮ ਆਦਮੀ ਪਾਰਟੀ ਨੇ ਕੱਢੀ ਸ਼ਾਨਦਾਰ ਸ਼ੁਕਰਾਨਾ ਯਾਤਰਾ

ਅੰਮ੍ਰਿਤਸਰ, 26 ਨਵੰਬਰ : ਆਮ ਆਦਮੀ ਪਾਰਟੀ ਵਲੋਂ ਅੱਜ ਪਟਿਆਲਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਇਕ ਸ਼ੁਕਰਾਨਾ ਯਾਤਰਾ ਕੱਢੀ ਗਈ, ਜਿਸ ਵਿਚ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਇਸ ਯਾਤਰਾ ਦੌਰਾਨ ਨੌਜਵਾਨਾਂ ਦਾ ਇਕੱਠ ਸਾਬਤ ਕਰ ਰਿਹਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਆਪ ਵਿਚ ਪੂਰਾ ਵਿਸ਼ਵਾਸ਼ ਬਣਿਆ ਹੋਇਆ ਹੈ।
ਪਿਛਲੀਆਂ ਜ਼ਿਮਨੀ ਚੋਣਾ ਵਿਚ ਪੰਜਾਬ ਦੇ ਲੋਕਾਂ ਵਲੋਂ ਆਪ ਸਰਕਾਰ ਵਿਚ ਪ੍ਰਗਟਾਏ ਗਏ ਵਿਸ਼ਵਾਸ਼ ਅਤੇ ਉਮੀਦਵਾਰਾਂ ਦੀ ਜਿੱਤ ਪਿਛੋਂ ਕੱਢੀ ਗਈ ਸ਼ੁਕਰਾਨਾ ਯਾਤਰਾ ਪਟਿਆਲਾ ਦੇ ਕਾਲੀ ਦੇਵੀ ਮੰਦਰ ਤੋਂ ਸ਼ੁਰੁ ਹੋਈ। ਇਸ ਯਾਤਰਾ ਦਾ ਰਸਤੇ ਵਿਚ ਸਰਹੰਦ, ਖੰਨਾ, ਗੋਬਿੰਦਗੜ੍ਹ, ਲੁਧਿਆਣਾ, ਦੁਰਾਹਾ, ਫਗਵਾੜਾ, ਜਲੰਧਰ, ਕਰਤਾਰਪੁਰ, ਬਿਆਸ ਅਤੇ ਹੋਰ ਸ਼ਹਿਰਾਂ ਕਸਬਿਆਂ ਵਿਚ ਭਰਵਾਂ ਸਵਾਗਤ ਕੀਤਾ ਗਿਆ।
ਆਮ ਆਦਮੀ ਪਰਟੀ ਦੇ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ਵਿਚ ਕੱਢੀ ਗਈ ਇਸ ਸ਼ੁਕਰਾਨਾ ਯਾਤਰਾ ਵਿਚ ਆਪ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਖੇਡ ਮੰਤਰੀ ਹਰਜੋਤ ਸਿੰਘ ਬੈਂਸ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੋਂਧ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਮੇਤ ਵੱਡੀ ਗਿਣਤੀ ਵਿਚ ਆਪ ਆਗੂ ਤੇ ਵਰਕਰ ਸ਼ਾਮਲ ਸਨ। ਇਸ ਦੌਰਾਨ ਅਮਨ ਅਰੋੜਾ ਨੇ ਪੰਜਾਬ ਵਿਚ ਬਦਲਾਅ ਲਿਆਉਣ ਅਤੇ ਪਾਰਟੀ ਨੂੰ ਮਜਬੂਤ ਕਰਨ ਲਈ ਸਾਰੇ ਅਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ।
ਸਵੇਰੇ ਪਟਿਆਲਾ ਤੋਂ ਚੱਲੀ ਇਹ ਸ਼ੁਕਰਾਨਾ ਯਾਤਰਾ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ ਤੋਂ ਹੁੰਦੀ ਹੋਈ ਪਵਿੱਤਰ ਭਗਵਾਨ ਵਾਲਮੀਕ ਤੀਰਥ ਅਸਥਾਨ ਅਤੇ ਰਾਮ ਤੀਰਥ ਮੰਦਰ ਵਿਖੇ ਸਮਾਪਤ ਹੋਈ। ਇਸ ਸ਼ੁਕਰਾਨਾ ਯਾਤਰਾ ਦੌਰਾਨ ਆਪ ਆਗੂਆਂ ਨੇ 2027 ਵਿਚ ਹੋ ਰਹੀਆਂ ਪੰਜਾਬ ਵਿਧਾਨ ਸਭਾ ਚੋਣਾ ਲਈ ਹੁਣੇ ਤੋਂ ਮੁਹਿੰਮ ਸ਼ੁਰੂ ਕਰਨ ਦਾ ਵੀ ਸੰਕੇਤ ਦਿੱਤਾ।