ਚੰਡੀਗੜ੍ਹ, 26 ਨਵੰਬਰ : ਸ਼ਹੀਦ ਭਗਤ ਸਿੰਘ ਨਗਰ ਤੋਂ ਫੜ੍ਹੀ ਗਈ ਨਕਲੀ ਡੀ.ਏ.ਪੀ. ਖਾਦ ਦੀ ਲਬਾਰਟਰੀ ਵਿਚ ਕੀਤੀ ਗਈ ਜਾਂਚ ਦੌਰਾਨ ਇਹ ਖਾਦ ਨਕਲੀ ਪਾਈ ਗਈ, ਜਿਸ ਵਿਚ ਨਾਈਟ੍ਰੋਜ਼ਨ ਅਤੇ ਫਾਸਫੋਰਸ ਦੀ ਵੱਡੀ ਕਮੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਡੀ.ਏ.ਪੀ. ਦੀਆਂ 23 ਬੋਰੀਆਂ ਜਬਤ ਕੀਤੀਆਂ ਗਈਆਂ ਸਨ। ਉਨ੍ਹਾਂ ਨੇ ਦੱਸਿਆ ਕਿ ਜਿਲੇ ਦੇ ਕਿਸਾਨਾਂ ਵਲੋਂ ਮਹਿੰਗੇ ਭਾਅ ‘ਤੇ ਨਕਲੀ ਖਾਦ ਵੇਚੇ ਜਾਣ ਦੀਆਂ ਸ਼ਿਕਾਇਤਾਂ ਆਈਆਂ ਸਨ। ਇਸ ਪਿਛੋਂ ਖੇਤੀਬਾੜੀ ਵਿਭਾਗ ਵਲੋਂ ਪਿੰਡ ਉੜਾਪੜ ਵਿਖੇ ਮੈਸਰਜ਼ ਸਿੰਘ ਟਰੇਡਰ ਫਰਮ ਦੇ ਮਾਲਕ ਹਰਕੀਰਤ ਸਿੰਘ ਦੇ ਘਰ ਛਾਪਾ ਮਾਰਿਆ ਗਿਆ। ਛਾਪੇ ਦੌਰਾਨ 23 ਬੋਰੀਆਂ ਨਕਲੀ ਖਾਦ ਬਰਾਮਦ ਕੀਤੀ ਗਈ। ਇਹ ਖਾਦ ਬਰਾਮਦ ਕਰਨ ਪਿਛੋਂ ਇਸਦੇ ਸੈਂਪਲ ਲੈਬਾਰਟਰੀ ਵਿਚ ਟੈਸਟ ਕਰਨ ਲਈ ਭੇਜੇ ਗਏ ਸਨ। ਅੱਜ ਇਨ੍ਹਾਂ ਦੇ ਟੈਸਟ ਦੀ ਰਿਪੋਰਟ ਪ੍ਰਾਪਤ ਹੋਈ ਹੈ। ਇਸ ਰਿਪੋਰਟ ਅਨੁਸਾਰ ਇਹ ਖਾਦ ਨਕਲੀ ਸਾਬਤ ਹੋਈ ਹੈ ਅਤੇ ਖਾਦ ਸਟਾਕ ਘਟੀਆ ਸੀ। ਉਨ੍ਹਾਂ ਨੇ ਦੱਸਿਆ ਕਿ ਕਿਸਾਨਾਂ ਦੇ ਹਿੱਤਾਂ ਦੀ ਹਮੇਸ਼ਾਂ ਰਾਖੀ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨਾਲ ਧੋਖਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।