ਚੰਡੀਗੜ੍ਹ, 26 ਨਵੰਬਰ : ਪੰਜਾਬ ਦੇ ਸਿਹਤ ਕਰਮਚਾਰੀਆਂ ਨੂੰ ਦੋ ਲੱਖ ਰੁਪਏ ਤੱਕ ਦਾ ਨਕਦੀ ਰਹਿਤ ਮੈਡੀਕਲ ਬੀਮਾ ਅਤੇ 40 ਲੱਖ ਰੁਪਏ ਤੱਕ ਗਰੁੱਪ ਐਕਸੀਡੈਂਟਲ ਡੈੱਥ ਇੰਸ਼ੋਰੈਂਸ ਦੇਣ ਲਈ ਅੱਜ ਪੰਜਾਬ ਸਰਕਾਰ ਵਲੋਂ ਇੰਡੀਅਨ ਬੈਂਕ ਨਾਲ ਇਕ ਸਮਝੌਤਾ ਸਹੀਬੱਧ ਕੀਤਾ ਗਿਆ।
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਝੌਤੇ ਨਾਲ ਪੰਜਾਬ ਦੇ ਸਾਰੇ ਮੈਡੀਕਲ, ਪੈਰਾ ਮੈਡੀਕਲ ਅਤੇ ਸਿਹਤ ਵਿਭਾਗ ਦੇ ਹੋਰ ਸਟਾਫ ਨੂੰ ਚੰਗੀਆਂ ਸਿਹਤ ਸੇਵਾਵਾਂ ਮੁਹਈਆ ਕਰਵਾਉਣ ਲਈ ਰਾਹ ਖੁੱਲ੍ਹ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਕੀਮ ਅਧੀਨ 8 ਹਜਾਰ ਮੁਲਾਜ਼ਮਾਂ ਦਾ ਬੀਮਾ ਹੋਵੇਗਾ। ਇਸ ਬੀਮੇ ਨਾਲ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਚੰਗੀਆਂ ਡਾਕਟਰੀ ਸਹੂਲਤਾਂ ਮੁਹਈਆ ਕਰਵਾਈਆਂ ਜਾ ਸਕਣਗੀਆਂ। ਇਸ ਬੀਮੇ ਦਾ ਸਰਕਾਰ ਵਲੋਂ 4 ਕਰੋੜ ਰੁਪਏ ਪ੍ਰਤੀ ਸਾਲ ਅਤੇ ਤਿੰਨ ਸਾਲਾਂ ਦਾ 12 ਕਰੋੜ ਰੁਪਏ ਖਰਚ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਪੰਜਾਬ ਦੇ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਯਕੀਨੀ ਬਣ ਗਈ ਹੈ।