
ਬਠਿੰਡਾ, 5 ਫਰਵਰੀ : ਪੰਜਾਬ ਦੇ ਮਾਲ ਤੇ ਮੁੜ ਵਸੇਬਾ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਅੱਜ ਅਚਾਨਕ ਤਹਿਸੀਲਦਾਰ ਦਫਤਰ ਬਠਿੰਡਾ ਵਿਖੇ ਚੈਕਿੰਗ ਕੀਤੀ ਅਤੇ ਤਹਿਸੀਲ ਦਫਤਰ ਦੇ ਕੰਮਕਾਜ ਦਾ ਮੁਆਇਨਾ ਕੀਤਾ। ਇਸ ਦੌਰਾਨ ਮੰਤਰੀ ਨੇ ਜਾਇਦਾਦਾਂ ਵੇਚਣ ਅਤੇ ਖਰੀਦਣ ਵਾਲੇ ਵਿਅਕਤੀਆਂ ਪਾਸੋਂ ਅਫਸਰਾਂ ਦੀ ਫੀਡਬੈਕ ਵੀ ਲਈ।
ਇਸ ਦੌਰਾਨ ਕੈਬਨਿਟ ਮੰਤਰੀ ਨੇ ਹਦਾਇਤ ਕੀਤੀ ਕਿ ਤਹਿਸੀਲਦਾਰ ਦਫਤਰ ਵਿਚ ਆਉਣ ਵਾਲੇ ਲੋਕਾਂ ਦੇ ਕੰਮ ਸਮੇਂ ਸਿਰ ਅਤੇ ਪਾਰਦਰਸ਼ੀ ਢੰਗ ਨਾਲ ਕੀਤੇ ਜਾਣ। ਉਨ੍ਹਾਂ ਨੇ ਹਦਾਇਤ ਕੀਤੀ ਕਿ ਜਾਇਦਾਦਾਂ ਦੀਆਂ ਰਜਿਸਟਰੀਆਂ ਮੌਕੇ ਖਰੀਦਦਾਰ ਅਤੇ ਵੇਚਣ ਵਾਲੇ ਦੋਵਾਂ ਦਾ ਹਾਜਰ ਹੋਣਾ ਲਾਜ਼ਮੀ ਹੈ। ਉਨ੍ਹਾਂ ਨੇ ਦਫਤਰ ਵਿਚ ਲੱਗੇ ਸੀ ਸੀ ਟੀ ਵੀ ਕੈਮਰੇ ਹਮੇਸ਼ਾਂ ਚਾਲੂ ਹਾਲਤ ਵਿਚ ਰੱਖਣ ਦੀ ਵੀ ਹਦਾਇਤ ਕੀਤੀ। ਇਸ ਦੌਰਾਨ ਮਾਲ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਦਫਤਰ ਥੋੜੀ ਬਹੁਤੀ ਕਮੀ ਮਹਿਸੂਸ ਹੋਈ ਹੈ ਅਤੇ ਇਸ ਸਬੰਧੀ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਾਰੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਅਣਗਹਿਲੀ ਕਰਨ ਵਾਲੇ ਅਤੇ ਲੋਕਾਂ ਨੂੰ ਨਾਜਾਇਜ਼ ਪ੍ਰੇਸ਼ਨਾ ਕਰਨ ਵਾਲੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।