
ਚੰਡੀਗੜ੍ਹ, 5 ਫਰਵਰੀ : ਵਿਧਾਨ ਸਭਾ ਹਲਕਾ ਬੰਗਾ ਤੋਂ ਦੂਜੀ ਵਾਰ ਵਿਧਾਇਕ ਬਣੇ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਅੱਜ ਪੰਜਾਬ ਸਟੇਟ ਕੰਟੇਨਰ ਐਂਡ ਵੇਅਰਹਾਊਸਿੰਗ ਕਾਰਪੋਰੇਸ਼ਨ (ਕਨਵੇਅਰ) ਦੇ ਚੇਅਰਮੈਨ ਵਜੋਂ ਆਹੁਦਾ ਸੰਭਾਲਿਆ। ਇਸ ਮੌਕੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਡਾ. ਸੁੱਖੀ ਨੂੰ ਕੁਰਸੀ ‘ਤੇ ਬਿਠਾਇਆ ਅਤੇ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਡਾ. ਸੁੱਖੀ ਦਾ ਪਰਿਵਾਰ ਵੀ ਹਾਜਰ ਸੀ।
ਆਹੁਦਾ ਸੰਭਾਲਨ ਤੋਂ ਬਾਅਦ ਡਾ. ਸੁੱਖੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਉਸ ‘ਤੇ ਭਰੋਸਾ ਜਿਤਾਇਆ ਹੈ ਇਸ ਲਈ ਉਹ ਇਸ ਜੁੰਮੇਵਾਰੀ ਨੂੰ ਬਾਖੂਬੀ ਨਿਭਾਉਣਗੇ। ਉਨ੍ਹਾਂ ਨੇ ਵਾਅਦਾ ਕੀਤਾ ਕਿ ਉਹ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਦਿਨ ਰਾਤ ਮਿਹਨਤ ਕਰਨਗੇ ਅਤੇ ਲੋਕਾਂ ਨੂੰ ਸਾਫ ਸੁਥਰਾ ਤੇ ਪਾਰਦਰਸ਼ੀ ਪ੍ਰਸਾਸ਼ਨ ਮੁਹਈਆ ਕਰਵਾਉਣ ਦਾ ਟੀਚਾ ਪੂਰਾ ਕਰਨਗੇ।
ਇਸ ਮੌਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਡਾ. ਸੁੱਖੀ ਨੂੰ ਵਧਾਈ ਦਿੰਦਿਆਂ ਆਸ ਪ੍ਰਗਟ ਕੀਤੀ ਕਿ ਉਨ੍ਹਾਂ ਦੀ ਅਗਵਾਈ ਵਿਚ ਕਾਰਪੋਰੇਸ਼ਨ ਹੋਰ ਬੁਲੰਦੀਆਂ ਛੂਹੇਗੀ। ਇਸ ਮੌਕੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ, ਵਿਧਾਇਕ ਨਛੱਤਰ ਪਾਲ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਨਗਰ ਸੁਧਾਰ ਟਰਸਟ ਦੇ ਚੇਅਰਮੈਨ ਸਤਨਾਮ ਸਿੰਘ ਜਲਾਲਪੁਰ ਅਤੇ ਜਸਵੀਰ ਸਿੰਘ ਗੜ੍ਹੀ ਵੀ ਹਾਜਰ ਸਨ।