Tuesday, December 10Malwa News
Shadow

18 ਮਹੀਨੇ ‘ਚ ਮਲਟੀਕੰਪਲੈਕਸ ਦੀ ਉਸਾਰੀ ਕਰਕੇ ਬਣਾਇਆ ਨਵਾਂ ਰਿਕਾਰਡ

ਦਿੜ੍ਹਬਾ, 30 ਨਵੰਬਰ : ਪੰਜਾਬ ਦੇ ਵਿਕਾਸ ਕਾਰਜਾਂ ਵਿਚ ਨਵਾਂ ਰਿਕਾਰਡ ਸਥਾਪਿਤ ਕਰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ 18 ਮਹੀਨਿਆਂ ਵਿਚ ਹੀ ਇਕ ਬਹੁਤ ਹੀ ਅਧੁਨਿਕ ਬਹੁ ਮੰਜਲੀ ਇਮਾਰਤ ਮੁਕੰਮਲ ਕਰ ਦਿੱਤੀ ਹੈ, ਜਿਸਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ।
ਜਿਲਾ ਸੰਗਰੂਰ ਵਿਚ ਦਿੜ੍ਹਬਾ ਵਿਖੇ ਬਣਾਈ ਗਈ ਨਵੀਂ ਸਬ ਡਵੀਜ਼ਨਲ ਕੰਪਲੈਕਸ ਦੀ ਇਮਾਰਤ ‘ਤੇ ਸਰਕਾਰ ਵਲੋਂ 10.80 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਇਮਾਰਤ ਦੀ ਉਸਾਰੀ ਕੇਵਲ 18 ਮਹੀਨੇ ਵਿਚ ਮੁਕੰਮਲ ਕਰ ਕੇ ਨਵਾਂ ਰਿਕਾਰਡ ਪੈਦਾ ਕਰ ਦਿੱਤਾ ਗਿਆ ਹੈ। ਇਹ ਇਮਾਰਤ ਬਹੁਤ ਹੀ ਅਧੁਨਿਕ ਤਕਨੀਕ ਨਾਲ ਬਣਾਈ ਗਈ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ 9 ਏਕੜ ਰਕਬੇ ਵਿਚ ਫੈਲਿਆ ਹੋਏ ਇਸ ਕੰਪਲੈਕਸ ਵਿਚ ਲੋਕਾਂ ਨੂੰ ਹਰ ਤਰਾਂ ਦੀ ਸਰਕਾਰੀ ਸਹੂਲਤ ਮੁਹਈਆ ਕਰਵਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਕੋ ਕੰਪਲੈਕਸ ਵਿਚ ਹੀ ਸਾਰੇ ਵਿਭਾਗਾਂ ਦੇ ਕੰਮ ਕਾਰ ਹੋਇਆ ਕਰਨਗੇ। ਹੁਣ ਲੋਕਾਂ ਨੂੰ ਆਪਣੀਆਂ ਮੁਸ਼ਕਲਾਂ ਲਈ ਥਾਂ ਥਾਂ ਧੱਕੇ ਨਹੀਂ ਖਾਣੇ ਪੈਣਗੇ। ਇਸ ਕੰਪਲੈਕਸ ਵਿਚ ਹੀ ਸਾਰੇ ਵਿਭਾਗਾਂ ਦੇ ਦਫਤਰ ਹੋਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਦੇ ਹੋਰ ਇਲਾਕਿਆਂ ਵਿਚ ਵੀ ਅਜਿਹੇ ਕੰਪਲੈਕਸ ਬਣਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਰਾਜ ਦੇ ਲੋਕਾਂ ਨੂੰ ਪਾਰਦਰਸ਼ੀ ਅਤੇ ਸਾਫ ਸੁਥਰਾ ਪ੍ਰਸਾਸ਼ਨ ਮੁਹਈਆ ਕਰਵਾਉਣ ਲਈ ਉਹ ਹਰ ਵੇਲੇ ਯਤਨਸ਼ੀਲ ਰਹਿੰਦੇ ਹਨ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਵਲੋਂ ਦੇਸ਼ ਦੇ ਹਰ ਖੇਤਰ ਵਿਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ, ਪਰ ਸਰਕਾਰਾਂ ਵਲੋਂ ਹਮੇਸ਼ਾਂ ਹੀ ਪੰਜਾਬ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਰਿਹਾ ਹੈ। ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਸੰਬੋਧਨ ਕੀਤਾ।