ਚੰਡੀਗੜ੍ਹ, 1 ਦਸੰਬਰ : ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਬੰਗਲਾਦੇਸ਼ ਵਿਚ ਹਿੰਦੂ ਭਾਈਚਾਰੇ ‘ਤੇ ਕੀਤੇ ਜਾ ਰਹੇ ਅੱਤਿਆਚਾਰ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਬੰਗਲਾਦੇਸ਼ ਵਿਚ ਹਿੰਦੂ ਪੁਜਾਰੀਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਅਤੇ ਲਗਾਤਾਰ ਹਿੰਦੂਆਂ ‘ਤੇ ਵਧੀਕੀਆਂ ਕੀਤੀਆਂ ਜਾ ਰਹੀਆਂ ਹਨ।
ਅਮਨ ਅਰੋੜਾ ਨੇ ਕਿਹਾ ਕਿ ਮੀਡੀਆ ਸਰੋਤਾਂ ਰਾਹੀਂ ਆ ਰਹੀਆਂ ਖਬਰਾਂ ਬਹੁਤ ਹੀ ਚਿੰਤਾਜਨਕ ਹਨ, ਜਿਨ੍ਹਾਂ ਵਿਚ ਪਤਾ ਲੱਗ ਰਿਹਾ ਹੈ ਕਿ ਬੰਗਲਾਦੇਸ਼ ਵਿਚ ਕਿਸ ਤਰਾਂ ਹਿੰਦੂਆਂ ਦੀ ਦੁਰਦਸ਼ਾ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੀ ਢਿੱਲਮੱਠ ਵਾਲੀ ਨੀਤੀ ਕਾਰਨ ਹੀ ਹਿੰਦੂ ਭਾਈਚਾਰੇ ਨੂੰ ਕਸ਼ਟ ਝੱਲਣੇ ਪੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬੰਗਲਾਦੇਸ਼ ਵਿਚ ਹਿੰਦੂਆਂ ‘ਤੇ ਹੋ ਰਹੇ ਅੱਤਿਆਚਾਰ ਲਈ ਸਾਡੀ ਕੇਂਦਰ ਸਰਕਾਰ ਵੀ ਬਰਾਬਰ ਦੀ ਜੁੰਮੇਵਾਰ ਹੈ, ਕਿਉਂਕਿ ਅਜੇ ਤੱਕ ਵੀ ਸਰਕਾਰ ਵਲੋਂ ਕੋਈ ਸਖਤ ਕਦਮ ਨਹੀਂ ਚੁੱਕੇ ਜਾ ਰਹੇ। ਉਨ੍ਹਾਂ ਨੇ ਕਿਹਾ ਕਿ ਹਰ ਔਖੇ ਵੇਲੇ ‘ਚ ਭਾਰਤ ਵਲੋਂ ਬੰਗਲਾਦੇਸ਼ ਦੀ ਮੱਦਦ ਕੀਤੀ ਗਈ ਹੈ। ਇਸ ਲਈ ਬੰਗਲਾਦੇਸ਼ ਨੂੰ ਵੀ ਚਾਹੀਦਾ ਹੈ ਕਿ ਹੁਣ ਉਥੇ ਰਹਿ ਰਹੇ ਹਿੰਦੂ ਘੱਟਗਿਣਤੀ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਹਿੰਦੂ ਘੱਟਗਿਣਤੀਆਂ ਦੀ ਸੁਰੱਖਿਆ ਲਈ ਤੁਰੰਤ ਕੌਮਾਂਤਰੀ ਪੱਧਰ ‘ਤੇ ਕਦਮ ਚੁੱਕੇ ਜਾਣ