ਚੰਡੀਗੜ੍ਹ, 1 ਦਸੰਬਰ : ਭਾਰਤੀ ਜਨਤਾ ਪਾਰਟੀ ਵਲੋਂ ਸ਼ਹੀਦ ਭਗਤ ਸਿੰਘ ਦੇ ਬੁੱਤ ਦਾ ਮੁੱਦਾ ਉਭਾਰੇ ਜਾਣ ‘ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਭਾਜਪਾ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੀ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਉਨ੍ਹਾਂ ਲੋਕਾਂ ਦੀ ਪਾਰਟੀ ਹੈ, ਜਿਨ੍ਹਾਂ ਨੇ ਭਗਤ ਸਿੰਘ ਖਿਲਾਫ ਗਵਾਹੀ ਦਿੱਤੀ ਸੀ। ਹੁਣ ਉਹ ਕਿਸ ਮੂੰਹ ਨਾਲ ਸ਼ਹੀਦ ਭਗਤ ਸਿੰਘ ਦੀ ਗੱਲ ਕਰ ਰਹੇ ਹਨ। ਜਦੋਂ ਲਗਾਤਾਰ 10 ਸਾਲ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਰਹੀ ਅਤੇ ਭਾਜਪਾ ਉਸ ਵੇਲੇ ਸਰਕਾਰ ਵਿਚ ਹਿੱਸੇਦਾਰ ਸੀ ਤਾਂ ਉਹ ਲਗਾਤਾਰ ਮੋਹਾਲੀ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ‘ਤੇ ਰੱਖਣ ਦਾ ਵਿਰੋਧ ਕਰਦੀ ਰਹੀ। ਹੁਣ ਜਦੋਂ ਪੰਜਾਬ ਵਿਚ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਇਸ ਸਰਕਾਰ ਨੇ ਅਣਥੱਕ ਯਤਨ ਕਰਕੇ ਇਸ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ‘ਤੇ ਰੱਖਣ ਵਿਚ ਕਾਮਯਾਬੀ ਹਾਸਲ ਕੀਤੀ। ਹੁਣ ਇਸ ਹਵਾਈ ਅੱਡੇ ‘ਤੇ ਸ਼ਹੀਦ ਭਗਤ ਸਿੰਘ ਦਾ ਬੁੱਤ ਲਗਾਇਆ ਜਾ ਰਿਹ ਹੈ ਅਤੇ ਜਲਦੀ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਬੁੱਤ ਦਾ ਉਦਘਾਟਨ ਕਰ ਰਹੇ ਹਨ। ਹੁਣ ਭਾਜਪਾ ਨੂੰ ਭਗਤ ਸਿੰਘ ਦੇ ਮੁੱਦੇ ‘ਤੇ ਲੋਕਾਂ ਨੂੰ ਗੁੰਮਰਾਹ ਕਰਨਾ ਯਾਦ ਆ ਗਿਆ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਭਾਜਪਾ ਦੀਆਂ ਚਾਲਾਂ ਤੋਂ ਸੁਚੇਤ ਰਿਹਾ ਜਾਵੇ