ਲੁਧਿਆਣਾ, 11 ਜਨਵਰੀ : ਬੀਤੀ ਰਾਤ ਲੁਧਿਆਣਾ ਵੈਸਟ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦੀ ਅਚਾਨਕ ਗੋਲੀ ਲੱਗਣ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਧਾਇਕ ਗੋਗੀ ਆਪਣੇ ਕਮਰੇ ਵਿਚ ਸਨ, ਜਦੋਂ ਘਰ ਵਿਚ ਗੋਲੀ ਚੱਲਣ ਦੀ ਆਵਾਜ਼ ਆਈ। ਜਦੋਂ ਪਰਿਵਾਰ ਦੇ ਬਾਕੀ ਮੈਂਬਰਾਂ ਨੇ ਗੋਗੀ ਦੇ ਕਮਰੇ ਵਿਚ ਜਾ ਕੇ ਦੇਖਿਆ ਤਾਂ ਗੋਗੀ ਖੂਨ ਨਾਲ ਲੱਥਪੱਥ ਪਿਆ ਸੀ, ਜਿਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਅਤੇ ਗੰਨਮੈਨਾਂ ਨੇ ਗੁਰਪ੍ਰੀਤ ਗੋਗੀ ਨੂੰ ਤੁਰੰਤ ਡੀ.ਐਮ.ਸੀ. ਹਸਪਤਾਲ ਪਹੁੰਚਾਇਆ ਗਿਆ, ਪਰ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਗੁਰਪ੍ਰੀਤ ਗੋਗੀ ਆਮ ਆਦਮੀ ਪਾਰਟੀ ਦਾ ਵਿਧਾਇਕ ਸੀ ਅਤੇ ਸ਼ਨੀਵਾਰ ਨੂੰ ਪੂਰਾ ਦਿਨ ਆਮ ਆਦਮੀ ਪਾਰਟੀ ਦੀਆਂ ਵੱਖ ਵੱਖ ਸਰਗਰਮੀਆਂ ਵਿਚ ਸ਼ਾਮਲ ਹੋਇਆ। ਇਸ ਦੌਰਾਨ ਉਸ ਨੇ ਆਪ ਦੇ ਕਈ ਸੀਨੀਅਰ ਆਗੂਆਂ ਨਾਲ ਮੁਲਾਕਾਤ ਵੀ ਕੀਤੀ। ਪਰ ਗੋਗੀ ਦੀ ਕੋਈ ਵੀ ਕਾਰਵਾਈ ਅਸੁਖਾਵੀਂ ਨਹੀਂ ਸੀ। ਪਰ ਰਾਤ ਵੇਲੇ ਜਦੋਂ ਅਚਾਨਕ ਗੋਲੀ ਦੀ ਆਵਾਜ਼ ਆਈ ਤੇ ਉਸ ਦੀ ਮੌਤ ਨੇ ਸਭ ਨੂੰ ਹੈਰਾਨ ਕਰ ਦਿੱਤਾ। ਮੁੱਢਲੀ ਜਾਣਕਾਰੀ ਅਨੁਸਾਰ ਗੋਗੀ ਆਪਣਾ ਪਿਸਟਲ ਸਾਫ ਕਰ ਰਿਹਾ ਸੀ, ਜਦੋਂ ਅਚਾਨਕ ਗੋਲੀ ਚੱਲ ਗਈ। ਗੋਲੀ ਉਸਦੇ ਸਿਰ ਵਿਚ ਲੱਗੀ ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।
ਵਿਧਾਇਕ ਦੀ ਮੌਤ ਨਾਲ ਲੁਧਿਆਣਾ ਸ਼ਹਿਰ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਵਿਚ ਅਫਸੋਸ ਪਾਇਆ ਜਾ ਰਿਹਾ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਅਚਾਨਕ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਇਸੇ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਵੱਖਰੇ ਤੌਰ ‘ਤੇ ਇਕ ਬਿਆਨ ਜਾਰੀ ਕਰਕੇ ਗੁਰਪ੍ਰੀਤ ਗੋਗੀ ਦੀ ਬੇਵਕਤੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।