ਸੰਧਵਾ ਨੇ ਕੀਤਾ ਬਾਕਸਿੰਗ ਚੈਂਪੀਅਨ ਗੁਰਸੀਰਤ ਕੌਰ ਦਾ ਸਨਮਾਨ
ਚੰਡੀਗੜ੍ਹ, 30 ਸਤੰਬਰ : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਮਾਊਂਟ ਕਾਰਮਲ ਸਕੂਲ, ਸੈਕਟਰ 47, ਚੰਡੀਗੜ੍ਹ ਦੀ ਵਿਦਿਆਰਥਣ 14 ਸਾਲਾ ਗੁਰਸੀਰਤ ਕੌਰ ਨੂੰ ਏਸ਼ੀਅਨ ਸਕੂਲ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਾਪਤੀ ਲਈ ਸਨਮਾਨਿਤ ਕੀਤਾ। ਦੱਸਣਯੋਗ ਹੈ ਕਿ 28 ਅਗਸਤ ਤੋਂ 10 ਸਤੰਬਰ, 2024 ਤੱਕ ਅਬੂ ਧਾਬੀ, ਯੂ.ਏ.ਈ. ਵਿਖੇ ਹੋਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਗੁਰਸੀਰਤ ਨੇ ਮੁੱਕੇਬਾਜ਼ੀ ਵਿੱਚ ਆਪਣੇ ਸ਼ਾਨਦਾਰ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਜਿੱਤਿਆ ਹੈ।
ਜ਼ਿਕਰਯੋਗ ਹੈ ਕਿ ਗੁਰਸੀਰਤ ਨੇ ਇਹ ਜਿੱਤ 8 ਤੋਂ 11 ਅਗਸਤ ਤੱਕ ਹਰਿਆਣਾ ਦੇ ਰੋਹਤਕ ਵਿਖੇ ਹੋਏ ਏਸ਼ੀਅਨ ਜੂਨੀਅਰ ਅਤੇ ਸਕੂਲੀ ਲੜਕੇ ਅਤੇ ਸਕੂਲੀ ਲੜਕੀਆਂ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਟਰਾਇਲਜ਼, ਜਿੱਥੇ ਉਸਨੇ ਪਹਿਲਾ ਸਥਾਨ ਹਾਸਲ ਕੀਤਾ ਸੀ, ਵਿੱਚ ਉਸਦੀ ਸ਼ਾਨਦਾਰ ਕਾਰਗੁਜ਼ਾਰੀ ਤੋਂ ਤੁਰੰਤ ਬਾਅਦ ਹਾਸਲ ਕੀਤੀ ਹੈ।
ਸਪੀਕਰ ਸ. ਸੰਧਵਾਂ ਨੇ ਗੁਰਸੀਰਤ ਦੇ ਦ੍ਰਿੜ ਇਰਾਦੇ ਅਤੇ ਸਖ਼ਤ ਮਿਹਨਤ ਦੀ ਪ੍ਰਸ਼ੰਸਾ ਕਰਦਿਆਂ ਉਸਨੂੰ ਇਸੇ ਤਰ੍ਹਾਂ ਹੀ ਦੇਸ਼ ਦਾ ਮਾਣ ਵਧਾਉਂਦੇ ਰਹਿਣ ਲਈ ਪ੍ਰੇਰਿਤ ਕੀਤਾ। ...







