ਅੰਮ੍ਰਿਤਸਰ ਵਿੱਚ 20 ਕਿੱਲੋ ਹੋਰ ਹੈਰੋਇਨ ਬਰਾਮਦ;ਚਾਰ ਕਾਬੂ
ਚੰਡੀਗੜ੍ਹ/ਅੰਮ੍ਰਿਤਸਰ, 23 ਸਤੰਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਮਹਿਜ਼ ਇੱਕ ਹਫ਼ਤੇ ਦੇ ਅੰਦਰ-ਅੰਦਰ ਇੱਕ ਹੋਰ ਵੱਡੀ ਕਾਰਵਾਈ ਕਰਦਿਆਂ ਕਾਊਂਟਰ ਇੰਟੈਲੀਜੈਂਸ (ਸੀਆਈ) ਅੰਮ੍ਰਿਤਸਰ ਨੇ ਚਾਰ ਵਿਅਕਤੀਆਂ ਨੂੰ 20 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ।
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰੋਹਨ ਵਾਸੀ ਬਾਬਾ ਜੀਵਨ ਸਿੰਘ ਕਾਲੋਨੀ( ਅੰਮ੍ਰਿਤਸਰ ), ਦੀਪਕ ਬਖਸ਼ੀ ਵਾਸੀ ਪ੍ਰਤਾਪ ਬਾਜ਼ਾਰ( ਅੰਮ੍ਰਿਤਸਰ ), ਰਿਸ਼ਭ ਕੁਮਾਰ ਵਾਸੀ ਗੋਲਡਨ ਐਵੀਨਿਊ ( ਅੰਮ੍ਰਿਤਸਰ ) ਅਤੇ ਈਸ਼ਾਨ ਬੇਦੀ ਵਾਸੀ ਨਿਊ ਰਣਜੀਤ ਪੁਰਾ ( ਅੰਮ੍ਰਿਤਸਰ ) ਵਜੋਂ ਹੋਈ ਹੈ। ਹੈਰੋਇਨ ਦੀ ਵੱਡੀ ਖੇਪ ਜ਼ਬਤ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਦੋਸ਼ੀਆਂ ਵੱਲੋਂ ਖੇਪਾਂ ਸਪਲਾਈ ਕਰਨ ਲਈ ਵਰਤੇ ਜਾ ਰਹੇ ਦੋ ਮੋਟਰਸਾਈਕਲਾਂ- ਕਾਲੇ ਰੰਗ ਦਾ ਸਪਲੈਂਡਰ (ਪੀਬੀ02-ਬੀਟੀ-3925) ਅਤੇ ਲਾਲ ਰੰਗ ਦਾ ਪੈਸ਼ਨ ਪਰੋ (ਪੀਬੀ02-ਸੀਐਲ-4487) ਨੂੰ ਵੀ ਜ਼ਬਤ ਕੀਤਾ ਹੈ।
...








