
ਚੰਡੀਗੜ੍ਹ : ਤਾਮਿਲਨਾਡੂ ਵਿੱਚ ਸਿੱਖ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ’ਤੇ ਰੋਕੇ ਜਾਣ ਦਾ ਮਾਮਲਾ ਬੇਹੱਦ ਭਖ ਗਿਆ ਹੈ। ਹੁਣ ਇਸ ਮਾਮਲੇ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਰਾਜ਼ ਜਤਾਇਆ ਗਿਆ ਹੈ। ਨਾਲ ਹੀ ਐਸਜੀਪੀਸੀ ਨੇ ਕਿਹਾ ਕਿ ਧਰਮ ਇੱਕ ਆਜ਼ਾਦ ਹਸਤੀ, ਸਰਕਾਰਾਂ ਨੂੰ ਧਾਰਮਿਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਦਾ ਕੋਈ ਅਧਿਕਾਰ ਨਹੀਂ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਤਾਇਆ ਇਤਰਾਜ਼ ਼
ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਧਾਰਮਿਕ ਮਾਮਲਿਆਂ ਵਿੱਚ ਸਰਕਾਰਾਂ ਦੀ ਦਖ਼ਲਅੰਦਾਜ਼ੀ ਨੂੰ ਬੇਹੱਦ ਮੰਦਭਾਗਾ ਕਰਾਰ ਦਿੱਤਾ ਹੈ। ਤਾਮਿਲਨਾਡੂ ਵਿੱਚ ਕਾਂਗਰਸ ਸਰਕਾਰ ਵੱਲੋਂ ਤਾਮਿਲ ਸਿੱਖਾਂ ਨੂੰ ਗੁਰਪੁਰਬ ਮਨਾਉਣ ਦੀ ਇਜਾਜ਼ਤ ਨਾ ਦੇਣ, ਮੁਫ਼ਤ ਵਿੱਦਿਆ ਅਤੇ ਲੰਗਰ ਲਗਾਉਣ ਤੋਂ ਰੋਕਣ ਅਤੇ ਪੁਲਿਸ ਨੋਟਿਸ ਭੇਜੇ ਜਾਣ ਦੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਧਰਮ ਇੱਕ ਆਜ਼ਾਦ ਹਸਤੀ ਹੈ।
“ਇਹ ਬਹੁਤ ਮਾੜੀ ਗੱਲ ਹੈ”
ਐਡਵੋਕੇਟ ਧਾਮੀ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ, “ਕਿਸੇ ਵੀ ਸਰਕਾਰ ਨੂੰ ਕਿਸੇ ਧਰਮ ਵਿੱਚ ਦਖ਼ਲਅੰਦਾਜ਼ੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਇਹ ਸਿੱਖਾਂ ਦਾ ਸੰਵਿਧਾਨਕ ਹੱਕ ਵੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਕੀਤਾ ਜਾ ਰਿਹਾ ਹੈ ਤਾਂ ਇਹ ਬਹੁਤ ਮਾੜੀ ਗੱਲ ਹੈ।”
“ਸਿੱਖਾਂ ਦੇ ਦਿਹਾੜੇ ਕੌਮ ਵੱਲੋਂ ਆਪਣੇ ਧਰਮ ਦੀਆਂ ਪਰੰਪਰਾਵਾਂ ਅਨੁਸਾਰ ਹੀ ਮਨਾਏ ਜਾਣੇ ਹਨ। ਸਰਕਾਰਾਂ ਨੂੰ ਅਜਿਹੀਆਂ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ ਹੈ ਅਤੇ ਆਪਣੀ ਹੱਦ (ਜਿਊਰਿਸਡਿਕਸ਼ਨ) ਵਿੱਚ ਰਹਿਣਾ ਚਾਹੀਦਾ ਹੈ। ਧਰਮ ਸੁਤੰਤਰ ਹੈ ਅਤੇ ਧਰਮ ਉੱਤੇ ਸਿਰਫ਼ ਧਰਮ ਦੀਆਂ ਹੀ ਬੰਦਿਸ਼ਾਂ ਹੁੰਦੀਆਂ ਹਨ, ਸਰਕਾਰਾਂ ਦੀਆਂ ਕੋਈ ਬੰਦਿਸ਼ਾਂ ਨਹੀਂ ਹੁੰਦੀਆਂ, ਜੋ ਕਿ ਬਹੁਤ ਮਾੜੀ ਗੱਲ ਹੈ।”- ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਭਾਜਪਾ ਨੇ ਵੀ ਚੁੱਕੇ ਸਵਾਲ
ਭਾਜਪਾ ਦੇ ਸੀਨੀਅਰ ਆਗੂ ਪ੍ਰੀਤਪਾਲ ਸਿੰਘ ਬਲੀਏਵਾਲ ਨੇ ਕਿਹਾ ਕਿ, “ਹਾਂਜੀ, ਪੰਜਾਬ ਕਾਂਗਰਸ ਦੇ ਲੀਡਰ ਸਾਹਿਬਾਨ, ਕੀ ਕਹਿਣਾ ਚਾਹੋਗੇ ? ਤੁਹਾਡੀ ਤਮਿਲਨਾਡੂ ਸਰਕਾਰ ਨੇ ਤਾਮਿਲ ਸਿੱਖਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਉਣ ਦੀ ਇਜਾਜ਼ਤ ਨਹੀਂ ਦਿੱਤੀ। ਬੱਚਿਆਂ ਲਈ ਮੁਫ਼ਤ ਵਿਦਿਆ ਦਾ ਲੰਗਰ ਲਾਉਣ ਤੋਂ ਵੀ ਰੋਕ ਦਿੱਤਾ ਅਤੇ ਇਸ ਸਭ ਨੂੰ ਰੋਕਣ ਲਈ ਪੁਲਿਸ ਨੋਟਿਸ ਤੱਕ ਭੇਜ ਦਿੱਤਾ। ਕੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣਾ ਅਤੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣਾ ਕੋਈ ਗੁਨਾਹ ਹੈ ? ਸਿੱਖਾਂ ਦੇ ਧਾਰਮਿਕ ਅਤੇ ਸਮਾਜਿਕ ਕਾਰਜਾਂ ਵਿੱਚ ਰੁਕਾਵਟਾਂ ਪਾਉਣ ਵਾਲੀ ਇਸ ਕਾਰਵਾਈ ’ਤੇ ਤੁਹਾਡਾ ਸਟੈਂਡ ਕੀ ਹੈ ? ਸਿੱਖਾਂ ਪ੍ਰਤੀ ਕਾਂਗਰਸ ਅਤੇ ਇਹਨਾਂ ਦੇ ਸਹਿਯੋਗੀ ਦਲਾਂ ਨੇ ਨਫ਼ਰਤ ਦੀ ਦੁਕਾਨ ਖੋਲ੍ਹ ਰੱਖੀ ਹੈ। ਕਾਂਗਰਸ ਪਾਰਟੀ ਅਤੇ ਉਸਦੇ ਸਹਿਯੋਗੀ ਦਲ ਨੂੰ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਪੂਰੇ ਸਿੱਖ ਭਾਈਚਾਰੇ ਤੋਂ ਮੁਆਫ਼ੀ ਮੰਗਣ।”
ਜਾਣੋ ਕੀ ਹੈ ਮਾਮਲਾ
ਬਹੁਜਨ ਦ੍ਰਾਵਿੜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸਰਦਾਰ ਜੀਵਨ ਸਿੰਘ ਨੇ ਤਾਮਿਲਨਾਡੂ ਸਰਕਾਰ ਵੱਲੋਂ ਮੇਲਚੇੱਕਰਕੁਡੀ ਵਿੱਚ ਗੁਰੂ ਨਾਨਕ ਜਯੰਤੀ ਮਨਾਉਣ ਦੀ ਇਜਾਜ਼ਤ ਨਾ ਦੇਣ ਦੀ ਆਲੋਚਨਾ ਕੀਤੀ ਹੈ।
ਸਿੱਖ ਧਰਮ ਦੇ ਸੰਸਥਾਪਕ ਅਤੇ ਸਿੱਖਾਂ ਦੇ ਪਹਿਲੇ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ, ਦੇਸ਼ ਭਰ ਦੇ ਸਿੱਖਾਂ ਦੁਆਰਾ 24 ਨਵੰਬਰ ਨੂੰ ਮਨਾਇਆ ਗਿਆ। ਇਸ ਸਬੰਧ ਵਿੱਚ, ਬਹੁਜਨ ਦ੍ਰਾਵਿੜ ਪਾਰਟੀ ਨੇ ਥੂਥੁਕੁਡੀ ਜ਼ਿਲ੍ਹੇ ਦੇ ਮੇਲਚੇੱਕਰਕੁਡੀ ਪਿੰਡ ਵਿੱਚ ਗੁਰੂ ਨਾਨਕ ਜਯੰਤੀ ਮਨਾਉਣ ਦੀ ਯੋਜਨਾ ਬਣਾਈ ਸੀ। ਕਿਉਂਕਿ ਇਸ ਪਿੰਡ ਦੇ ਜ਼ਿਆਦਾਤਰ ਲੋਕ ਆਦਿਵਾਸੀ ਅਤੇ ਪਛੜੇ ਭਾਈਚਾਰਿਆਂ ਨਾਲ ਸਬੰਧਤ ਹਨ, ਇਸ ਲਈ ਉਨ੍ਹਾਂ ਨੇ ਜਸ਼ਨ ਲਈ ਉਸ ਖੇਤਰ ਨੂੰ ਚੁਣਨ ਦਾ ਫੈਸਲਾ ਕੀਤਾ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਤਾਮਿਲਨਾਡੂ ਸਰਕਾਰ ਅਤੇ ਪੁਲਿਸ ਨੇ ਵਿਦਿਆਰਥੀਆਂ ਦੀ ਸਿੱਖਿਆ ਨੂੰ ਬਿਹਤਰ ਬਣਾਉਣ ਲਈ ਇਸ ਖੇਤਰ ਵਿੱਚ ਨਾਈਟ ਕੋਚਿੰਗ ਸੈਂਟਰ ਸ਼ੁਰੂ ਕਰਨ ਦੀ ਵੀ ਯੋਜਨਾ ਬਣਾਈ ਸੀ। ਜਿਸ ਤੋਂ ਬਾਅਦ ਤਾਮਿਲਨਾਡੂ ਸਰਕਾਰ ਅਤੇ ਪੁਲਿਸ ਨੇ ਇਸ ਸਮਾਗਮ ਲਈ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ।
ਬਹੁਜਨ ਦ੍ਰਾਵਿੜ ਪਾਰਟੀ ਵੱਲੋਂ ਨਿੰਦਾ
ਮੇਲਾ ਸੇੱਕਰਾਕੁਡੀ ਪਿੰਡ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ ਬਹੁਜਨ ਦ੍ਰਾਵਿੜ ਪਾਰਟੀ ਦੇ ਕੌਮੀ ਪ੍ਰਧਾਨ ਜੀਵਨ ਸਿੰਘ ਨੇ ਕਿਹਾ, “ਤਾਮਿਲਨਾਡੂ ਵਿੱਚ, ਅਸੀਂ ਦੂਰ-ਦੁਰਾਡੇ ਪਿੰਡ ਵਿੱਚ ਗੁਰੂ ਨਾਨਕ ਜਯੰਤੀ ਮਨਾ ਰਹੇ ਹਾਂ। ਇੱਥੇ ਜ਼ਿਆਦਾਤਰ ਲੋਕ ਆਦਿਵਾਸੀ, ਦਲਿਤ ਅਤੇ ਪੱਛੜੇ ਵਰਗਾਂ ਨਾਲ ਸਬੰਧਤ ਹਨ। ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ ਇਸ ਪਿੰਡ ਦੀ ਚੋਣ ਕੀਤੀ ਸੀ ਅਤੇ ਅਸੀਂ ਇੱਥੇ ਇੱਕ ਨਾਈਟ ਟਿਊਸ਼ਨ ਸੈਂਟਰ ਖੋਲ੍ਹਣ ਦੀ ਵੀ ਯੋਜਨਾ ਬਣਾਈ ਸੀ। ਤਾਮਿਲਨਾਡੂ ਸਰਕਾਰ ਨੇ ਸਾਨੂੰ ਇਹ ਇਕੱਠ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਉਨ੍ਹਾਂ ਨੇ ਮਨ੍ਹਾ ਕਰ ਦਿੱਤਾ ਅਤੇ ਪੁਲਿਸ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ। ਮੈਂ ਸੂਬਾ ਸਰਕਾਰ ਦੀ ਨਿੰਦਾ ਕਰਦਾ ਹਾਂ ਕਿ ਉਨ੍ਹਾਂ ਨੇ ਸਾਡੇ ਲੋਕਾਂ ਤਾਮਿਲ ਸਿੱਖ ਭਾਈਚਾਰੇ ਨੂੰ ਇਹ ਛੋਟਾ ਜਿਹਾ ਇਕੱਠ ਕਰਨ ਅਤੇ ਗੁਰੂ ਨਾਨਕ ਜੀ ਦੇ ਜਨਮ ਦਿਹਾੜੇ ਮੌਕੇ ਜਸ਼ਨ ਮਨਾਉਣ ਦੀ ਇਜਾਜ਼ਤ ਨਹੀਂ ਦਿੱਤੀ। ਮੈਂ ਇਸ ਮੁੱਦੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਲੈ ਕੇ ਜਾਣਾ ਚਾਹੁੰਦਾ ਹਾਂ। ਮੈਂ ਤਾਮਿਲਨਾਡੂ ਸਰਕਾਰ ਦੀ ਸਖ਼ਤ ਨਿੰਦਾ ਕਰਦਾ ਹਾਂ ਕਿ ਉਨ੍ਹਾਂ ਨੇ ਸਾਨੂੰ ਇਸ ਪ੍ਰੋਗਰਾਮ ਲਈ ਮਾਈਕ ਜਾਂ ਮੰਚ ਲਗਾਉਣ ਦੀ ਵੀ ਇਜਾਜ਼ਤ ਨਹੀਂ ਦਿੱਤੀ।”