Saturday, November 28Malwa News
Shadow

ਕਾਂਗਰਸ ਦਾ ਸੱਭਿਆਚਾਰ ਡਰ ਫੈਲਾਉਣ ਵਾਲਾ ਹੈ, ਪ੍ਰਤਾਪ ਸਿੰਘ ਬਾਜਵਾ ਜਿਨ੍ਹਾਂ 36 ਬੰਬਾਂ ਦੀ ਗੱਲ ਕਰਦੇ ਰਹਿੰਦੇ ਸਨ, ਉਹ ਕਿੱਥੇ ਹਨ: ਬਲਤੇਜ ਪੰਨੂ

ਚੰਡੀਗੜ੍ਹ; 28 ਨਵੰਬਰ – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ਼ਨੀਵਾਰ ਨੂੰ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ‘ਤੇ ਲੋਕਾਂ ਨੂੰ ਡਰਾਉਣ ਲਈ ਵਾਰ-ਵਾਰ ਸਨਸਨੀਖੇਜ਼ ਬਿਆਨ ਦੇਣ ਦਾ ਦੋਸ਼ ਲਾਉਂਦਿਆਂ ਤਿੱਖਾ ਹਮਲਾ ਬੋਲਿਆ ਅਤੇ ਕਿਹਾ ਕਿ ਡਰ ਦਾ ਮਾਹੌਲ ਪੈਦਾ ਕਰਨਾ ਲੰਬੇ ਸਮੇਂ ਤੋਂ ਕਾਂਗਰਸ ਦੇ ਸਿਆਸੀ ਸੱਭਿਆਚਾਰ ਦਾ ਹਿੱਸਾ ਰਿਹਾ ਹੈ।

ਇੱਕ ਬਿਆਨ ਵਿੱਚ ‘ਆਪ’ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ, “ਲੋਕਾਂ ਵਿੱਚ ਡਰ ਫੈਲਾਉਣਾ ਕਾਂਗਰਸ ਦਾ ਸੱਭਿਆਚਾਰ ਰਿਹਾ ਹੈ। ਉਹ 36 ਬੰਬ ਕਿੱਥੇ ਹਨ ਜਿਨ੍ਹਾਂ ਦੀ ਗੱਲ ਪ੍ਰਤਾਪ ਸਿੰਘ ਬਾਜਵਾ ਨੇ ਪਹਿਲਾਂ ਕੀਤੀ ਸੀ? ਕਦੇ ਉਹ ਦਾਅਵਾ ਕਰਦੇ ਹਨ ਕਿ 30-32 ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ ਅਤੇ ਕਦੇ ਕਹਿੰਦੇ ਹਨ ਕਿ ਪੰਜਾਬ ਵਿੱਚ 36 ਬੰਬ ਆ ਗਏ ਹਨ। ਉਨ੍ਹਾਂ ਦਾਅਵਿਆਂ ਦਾ ਕੀ ਬਣਿਆ?”

‘ਆਪ’ ਪੰਜਾਬ ਦੇ ਮੀਡੀਆ ਇੰਚਾਰਜ ਨੇ ਕਿਹਾ, “ਹਰ ਛੇ ਮਹੀਨਿਆਂ ਬਾਅਦ ਪ੍ਰਤਾਪ ਸਿੰਘ ਬਾਜਵਾ ਇੱਕ ਨਵਾਂ ਸਿਆਸੀ ਸਟੰਟ ਲੈ ਕੇ ਆਉਂਦੇ ਹਨ। ਪਹਿਲਾਂ ਉਨ੍ਹਾਂ ਦਾਅਵਾ ਕੀਤਾ ਸੀ ਕਿ 36 ਬੰਬ ਆ ਗਏ ਹਨ, ਅਤੇ ਹੁਣ ਉਹ ਆਪਣੇ ਹੀ ਪਿੰਡ ਵਿੱਚ ਬੰਬ ਹੋਣ ਦੀ ਗੱਲ ਕਰ ਰਹੇ ਹਨ। ਉਹ ਇੱਕ ਸਨਸਨੀਖੇਜ਼ ਬਿਆਨ ਦਿੰਦੇ ਹਨ, ਚਰਚਾ ਛੇੜਦੇ ਹਨ ਅਤੇ ਫਿਰ ਚੁੱਪ ਹੋ ਜਾਂਦੇ ਹਨ। ਇਸ ਤੋਂ ਬਾਅਦ ਉਹ ਕਿਤੇ ਨਜ਼ਰ ਨਹੀਂ ਆਉਂਦੇ।”

ਬਲਤੇਜ ਪੰਨੂ ਨੇ ਦਾਅਵਾ ਕੀਤਾ, “ਅੱਜ ਦੇ ਹਾਲਾਤਾਂ ਮੁਤਾਬਕ ਪ੍ਰਤਾਪ ਸਿੰਘ ਬਾਜਵਾ ਆਪਣੇ ਹੀ ਹਲਕੇ ਤੋਂ 15,000 ਵੋਟਾਂ ਦੇ ਫ਼ਰਕ ਨਾਲ ਹਾਰ ਵੱਲ ਵਧ ਰਹੇ ਹਨ। ਇਹੀ ਕਾਰਨ ਹੈ ਕਿ ਉਹ ਹਰ ਛੇ ਮਹੀਨਿਆਂ ਬਾਅਦ ਨਵਾਂ ਸਟੰਟ ਕਰਦੇ ਹਨ। ਉਹ ਜਾਣਦੇ ਹਨ ਕਿ ਉਹ ਆਪਣੀ ਸੀਟ ਹਾਰ ਰਹੇ ਹਨ ਅਤੇ ਅਜਿਹੇ ਬਿਆਨਾਂ ਰਾਹੀਂ ਲੋਕਾਂ ਨੂੰ ਡਰਾਉਣਾ ਚਾਹੁੰਦੇ ਹਨ।”