ਡੇਰਾ ਸਰਸਾ ਮਾਮਲੇ ‘ਚ ਸੁਖਬੀਰ ਬਾਦਲ ਨੂੰ ਸੁਣਾਈ ਸਜ਼ਾ
ਅੰਮ੍ਰਿਤਸਰ, 2 ਦਸੰਬਰ : ਸ੍ਰੀ ਅਕਾਲ ਤਖਤ ਸਹਿਬ ਵਿਖੇ ਅੱਜ ਹੋਈ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਖਤ ਸਜ਼ਾ ਸੁਣਾਈ ਗਈ। ਅਕਾਲੀ ਦਲ ਦੀ ਸਰਕਾਰ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ। ਅੱਜ ਉਨ੍ਹਾਂ ਨੂੰ ਸਜ਼ਾ ਸੁਣਾਈ ਗਈ।ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਦੌਰਾਨ ਲਏ ਗਏ ਫੈਸਲੇ ਵਿਚ ਸੁਖਬੀਰ ਸਿੰਘ ਬਾਦਲ ਨੂੰ 10 ਦਿਨ ਦੀ ਸਜ਼ਾ ਸੁਣਾਈ ਗਈ। ਇਸ ਦੌਰਾਨ 3 ਦਸੰਬਰ ਤੋਂ ਰੋਜ਼ਾਨਾ ਸੁਖਬੀਰ ਸਿੰਘ ਬਾਦਲ ਰਾਤ 12 ਵਜੇ ਤੋਂ ਇਕ ਵਜੇ ਤੱਕ ਪਖਾਨੇ ਸਾਫ ਕਰਨਗੇ। ਇਸ ਤੋਂ ਬਾਅਦ ਉਹ ਇਸ਼ਨਾਨ ਕਰਨ ਪਿਛੋਂ ਇਕ ਘੰਟਾ ਲੰਗਰ ਹਾਲ ਵਿਚ ਜਾ ਕੇ ਬਰਤਨ ਸਾਫ ਕਰਨਗੇ। ਬਰਤਨ ਸਾਫ ਕਰਨ ਤੋਂ ਬਾਅਦ ਉਹ ਇਕ ਘੰਟਾ ਕੀਰਤਨ ਸਰਵਣ ਕਰਨਗੇ। ਇਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਕੋਲ ਹੱਥ ਵਿਚ ਬਰਛਾ ਫੜ੍ਹ ਕੇ ਦਰਸ਼ਨੀ ਸੇਵਾਦਾਰ ਵਜੋਂ ਵੀਲ੍ਹ ਚੇਅਰ 'ਤੇ ਬੈਠਣਗੇ। ਸੁਖਬੀਰ ਸਿੰਘ ਬਾਦਲ ਦੀ ਲੱਤ ਵਿਚ ਫਰੈਕਚਰ ਹੋਇਆ ਹੈ, ਇਸ ਲਈ ਉਹ ਖੜ੍ਹੇ ਨਹੀਂ ਹੋ ਸਕਦੇ।...