Tuesday, October 6Malwa News
Shadow

ਸਿੰਗਾਪੁਰ ਦੇ ਤਜਰਬੇ ਅਤੇ ਤਕਨੀਕੀ ਸਹਿਯੋਗ ਨਾਲ ਹਰਿਆਣਾ ਦੀ ਵਿਕਾਸ ਯਾਤਰਾ ਨੂੰ ਮਿਲੇਗੀ ਨਵੀਂ ਗਤੀ – ਮੁੱਖ ਮੰਤਰੀ

ਚੰਡੀਗੜ੍ਹ, 6 ਅਕਤੂਬਰ – ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨਾਲ ਸਿੰਗਾਪੁਰ ਦੇ ਵਿਦੇਸ਼ ਮੰਤਰੀ ਡਾ. ਵਿਵੀਅਨ ਬਾਲਾਕ੍ਰਿਸ਼ਨਨ ਨੇ ਮੰਗਲਵਾਰ ਨੂੰ ਮੁਲਾਕਾਤ ਕਰਕੇ ਹਰਿਆਣਾ ਅਤੇ ਸਿੰਗਾਪੁਰ ਵਿਚਾਲੇ ਸਹਿਯੋਗ ਦੇ ਵੱਖ-ਵੱਖ ਪਹਿਲੂਆਂ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਵਿੱਚ ਸਿੱਖਿਆ, ਹੁਨਰ ਵਿਕਾਸ, ਜਲ ਪ੍ਰਬੰਧਨ, ਸ਼ਹਿਰੀ ਵਿਕਾਸ, ਤਕਨੀਕੀ ਇਨੋਵੇਸ਼ਨ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਰਗੇ ਮਹੱਤਵਪੂਰਨ ਵਿਸ਼ਿਆਂ ‘ਤੇ ਚਰਚਾ ਹੋਈ।

ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਸਿੰਗਾਪੁਰ ਸਰਕਾਰ ਵੱਲੋਂ ਦਿੱਤੀ ਗਈ ਗਰਮਜੋਸ਼ੀ ਭਰੀ ਮੇਜ਼ਬਾਨੀ ਲਈ ਡਾ. ਵਿਵੀਅਨ ਬਾਲਾਕ੍ਰਿਸ਼ਨਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਿੰਗਾਪੁਰ ਨੇ ਆਧੁਨਿਕ ਸ਼ਹਿਰੀ ਵਿਕਾਸ, ਜਲ ਪ੍ਰਬੰਧਨ ਅਤੇ ਤਕਨੀਕੀ ਨਵੀਨਤਾ ਦੇ ਖੇਤਰ ਵਿੱਚ ਵਰਨਣਯੋਗ ਤਜਰਬਾ ਹਾਸਲ ਕੀਤਾ ਹੈ ਅਤੇ ਇਨ੍ਹਾਂ ਤਜਰਬਿਆਂ ਤੋਂ ਹਰਿਆਣਾ ਨੂੰ ਵੀ ਬਹੁਤ ਲਾਭ ਮਿਲੇਗਾ।

ਉਨ੍ਹਾਂ ਕਿਹਾ ਕਿ ਹਰਿਆਣਾ ਤੇਜ਼ੀ ਨਾਲ ਬਦਲਦੀ ਅਰਥਵਿਵਸਥਾ ਅਤੇ ਨਵੀਂਆਂ ਤਕਨਾਲੋਜੀਆਂ ਦੇ ਅਨੁਕੂਲ ਆਪਣੇ ਵਿਕਾਸ ਮਾਡਲ ਨੂੰ ਅੱਗੇ ਵਧਾ ਰਿਹਾ ਹੈ। ਅਜਿਹੇ ਵਿੱਚ ਸਿੰਗਾਪੁਰ ਨਾਲ ਸਹਿਯੋਗ ਨਾਲ ਰਾਜ ਵਿੱਚ ਵਾਟਰ ਟ੍ਰੀਟਮੈਂਟ, ਜਲ ਸੰਭਾਲ, ਅਰਬਨ ਪਲਾਨਿੰਗ ਅਤੇ ਆਧੁਨਿਕ ਤਕਨੀਕੀ ਹੱਲਾਂ ਨੂੰ ਹੋਰ ਵਧੇਰੇ ਪ੍ਰਭਾਵੀ ਢੰਗ ਨਾਲ ਅਪਣਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਦੋਵਾਂ ਪੱਖਾਂ ਵਿਚਾਲੇ ਮਜ਼ਬੂਤ ਭਾਈਵਾਲੀ ਹਰਿਆਣਾ ਦੀ ਵਿਕਾਸ ਯਾਤਰਾ ਨੂੰ ਨਵੀਂ ਦਿਸ਼ਾ ਅਤੇ ਗਤੀ ਪ੍ਰਦਾਨ ਕਰੇਗੀ।

ਸਿੰਗਾਪੁਰ ਦੇ ਵਿਦੇਸ਼ ਮੰਤਰੀ ਡਾ. ਵਿਵੀਅਨ ਬਾਲਾਕ੍ਰਿਸ਼ਨਨ ਨੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਦਾ ਰਸਮੀ ਸਵਾਗਤ ਕਰਦੇ ਹੋਏ ਕਿਹਾ ਕਿ ਸਿੰਗਾਪੁਰ ਭਾਰਤ ਅਤੇ ਹਰਿਆਣਾ ਨਾਲ ਆਪਣੇ ਸਹਿਯੋਗ ਨੂੰ ਲਗਾਤਾਰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਹਰਿਆਣਾ ਦੇ ਨੌਜਵਾਨਾਂ ਨੂੰ ਸਕਿਲ ਵਿਕਾਸ ਨਾਲ ਜੋੜਨ ਅਤੇ ਉਨ੍ਹਾਂ ਨੂੰ ਗਲੋਬਲ ਪੱਧਰ ‘ਤੇ ਰੁਜ਼ਗਾਰ ਦੇ ਨਵੇਂ ਮੌਕੇ ਉਪਲਬਧ ਕਰਵਾਉਣ ਦੀ ਦਿਸ਼ਾ ਵਿੱਚ ਸਹਿਯੋਗ ਦਾ ਭਰੋਸਾ ਦਿੱਤਾ।

ਮੀਟਿੰਗ ਦੌਰਾਨ ਦੋਵਾਂ ਪੱਖਾਂ ਨੇ ਸਕਿਲ ਵਿਕਾਸ ਅਤੇ ਸਿੱਖਿਆ ਦੇ ਖੇਤਰ ਵਿੱਚ ਸਹਿਯੋਗ ਵਧਾਉਣ, ਨੌਜਵਾਨਾਂ ਲਈ ਆਧੁਨਿਕ ਸਿਖਲਾਈ ਅਤੇ ਰੁਜ਼ਗਾਰ ਦੇ ਮੌਕੇ ਵਿਕਸਿਤ ਕਰਨ ਅਤੇ ਜਲ ਪ੍ਰਬੰਧਨ ਤੇ ਸ਼ਹਿਰੀ ਵਿਕਾਸ ਵਿੱਚ ਨਵੀਂਆਂ ਤਕਨਾਲੋਜੀਆਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ‘ਤੇ ਸਹਿਮਤੀ ਪ੍ਰਗਟਾਈ।

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਨੌਜਵਾਨਾਂ ਦੀ ਪ੍ਰਤਿਭਾ ਅਤੇ ਸਿੰਗਾਪੁਰ ਦੀ ਤਕਨੀਕੀ ਮਹਾਰਤ ਦਾ ਤਾਲਮੇਲ ਰਾਜ ਦੇ ਵਿਕਾਸ ਲਈ ਨਵੇਂ ਮੌਕੇ ਪੈਦਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਨੌਜਵਾਨਾਂ ਨੂੰ ਭਵਿੱਖ ਦੀਆਂ ਲੋੜਾਂ ਦੇ ਅਨੁਕੂਲ ਸਕਿੱਲ ਪ੍ਰਦਾਨ ਕਰਨ ਦੇ ਨਾਲ-ਨਾਲ ਰਾਜ ਵਿੱਚ ਆਧੁਨਿਕ ਅਤੇ ਟਿਕਾਊ (ਸਸਟੇਨੇਬਲ) ਵਿਕਾਸ ਨੂੰ ਉਤਸ਼ਾਹ ਦੇਣਾ ਹੈ। ਸ਼੍ਰੀ ਨਾਇਬ ਸਿੰਘ ਸੈਣੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਹਰਿਆਣਾ ਅਤੇ ਸਿੰਗਾਪੁਰ ਵਿਚਾਲੇ ਵਧਦਾ ਸਹਿਯੋਗ ਸਿੱਖਿਆ, ਹੁਨਰ, ਜਲ ਪ੍ਰਬੰਧਨ, ਸ਼ਹਿਰੀ ਵਿਕਾਸ ਅਤੇ ਤਕਨੀਕੀ ਨਵੀਨਤਾ ਦੇ ਖੇਤਰਾਂ ਵਿੱਚ ਨਵੀਂਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹੇਗਾ ਅਤੇ ਸੂਬੇ ਨੂੰ ਆਧੁਨਿਕ ਵਿਕਾਸ ਦੇ ਨਵੇਂ ਪੜਾਅ ਪ੍ਰਦਾਨ ਕਰੇਗਾ।