
ਨਵੀਂ ਦਿੱਲੀ, 3 ਫਰਵਰੀ : ਸੁਪਰੀਮ ਕੋਰਟ ਨੇ ਅੱਜ ਬਰਗਾੜੀ ਕਾਂਡ ਵਿਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਖਿਲਾਫ ਟਰਾਇਲ ਚਲਾਉਣ ‘ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਅਗਲੀ ਸੁਣਵਾਈ 18 ਮਾਰਚ ਤੱਕ ਅੱਗੇ ਪਾ ਦਿੱਤੀ। ਸੁਪਰੀਮ ਕੋਰਟ ਨੇ ਇਸ ਮਾਮਲੇ ਵਿਚ ਪੰਜਾਬ ਸਰਕਾਰ ਨੂੰ ਅਗਲੀ ਤਰੀਕ ‘ਤੇ ਜਵਾਬ ਦਾਖਲ ਕਰਨ ਲਈ ਕਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿਚ ਹੇਠਲੀ ਅਦਾਲਤ ਵਿਚ ਚੱਲ ਰਹੀ ਸੁਣਵਾਈ ‘ਤੇ ਰੋਕ ਲਾਉਣ ਦੀ ਮੰਗ ਕੀਤੀ ਸੀ, ਪਰ ਅੱਜ ਸੁਪਰੀਮ ਕੋਰਟ ਨੇ ਇਸ ‘ਤੇ ਕੋਈ ਰੋਕ ਨਹੀਂ ਲਗਾਈ ਅਤੇ ਅਗਲੇ ਹੁਕਮਾਂ ਤੱਕ ਡੇਰਾ ਮੁਖੀ ਖਿਲਾਫ ਮੁਕੱਦਮਾ ਹੇਠਲੀ ਅਦਾਲਤ ਵਿਚ ਚੱਲਦਾ ਰਹੇਗਾ।
ਇਸ ਤੋਂ ਪਹਿਲਾਂ ਪੰਜਾਬ ਵਿਚ ਸੁਣਵਾਈ ਕੀਤੇ ਜਾਣ ਖਿਲਾਫ ਡੇਰਾ ਮੁਖੀ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਹਾਈ ਕੋਰਟ ਨੇ ਇਸ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਹੇਠਲੀ ਅਦਾਲਤ ਵਿਚ ਸੁਣਵਾਈ ਰੋਕ ਦਿੱਤੀ ਸੀ। ਜਦੋ਼ ਹਾਈ ਕੋਰਟ ਨੇ ਇਸ ਮਾਮਲੇ ਵਿਚ ਹੇਠਲੀ ਅਦਾਲਤ ਵਿਚ ਟਰਾਇਲ ਚਲਾਉਣ ‘ਤੇ ਰੋਕ ਲਗਾ ਦਿੱਤੀ ਸੀ ਤਾਂ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਹੁਕਮਾਂ ਖਿਲਾਫ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰ ਦਿੱਤੀ ਸੀ। ਇਸ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਪਿਛਲੀ ਤਰੀਕ ‘ਤੇ ਹਾਈ ਕੋਰਟ ਦੇ ਹੁਕਮਾਂ ‘ਤੇ ਰੋਕ ਲਗਾ ਦਿੱਤੀ ਸੀ, ਜਿਸ ਦਾ ਭਾਵ ਸੀ ਕਿ ਹੇਠਲੀ ਅਦਾਲਤ ਵਿਚ ਡੇਰਾ ਮੁਖੀ ਖਿਲਾਫ ਮੁਕੱਦਮਾਂ ਅਗਲੇ ਹੁਕਮਾਂ ਤੱਕ ਚਲਦਾ ਰਹੇਗਾ, ਕਿਉਂਕਿ ਪਹਿਲਾਂ ਹਾਈ ਕੋਰਟ ਨੇ ਇਸ ਮੁਕੱਦਮੇ ‘ਤੇ ਸੁਣਵਾਈ ਰੋਕ ਦਿੱਤੀ ਸੀ। ਸੁਪਰੀਮ ਕੋਰਟ ਦੇ ਹੁਕਮਾਂ ਪਿਛੋਂ ਹੇਠਲੀ ਅਦਾਲਤ ਵਿਚ ਡੇਰਾ ਮੁਖੀ ਖਿਲਾਫ ਮੁੜ ਟਰਾਇਲ ਸ਼ੁਰੂ ਹੋ ਗਿਆ ਸੀ। ਅੱਜ ਦੀ ਤਰੀਕ ‘ਤੇ ਡੇਰਾ ਮੁਖੀ ਨੂੰ ਆਸ ਸੀ ਕਿ ਸੁਪਰੀਮ ਕੋਰਟ ਕੋਈ ਵੱਡਾ ਫੈਸਲਾ ਸੁਣਾਏਗੀ ਅਤੇ ਹੇਠਲੀ ਅਦਾਲਤ ਨੂੰ ਟਰਾਇਲ ਰੋਕਣ ਦਾ ਆਦੇਸ਼ ਦੇਵੇਗੀ। ਪਰ ਅੱਜ ਵੀ ਡੇਰਾ ਮੁਖੀ ਨੂੰ ਵੱਡਾ ਝਟਕਾ ਲੱਗਿਆ ਜਦੋਂ ਸੁਪਰੀਮ ਕੋਰਟ ਨੇ ਅਗਲੀ ਸੁਣਵਾਈ ਦੀ ਮਰੀਕ 18 ਮਾਰਚ ਦੇ ਦਿੱਤੀ। ਹੁਣ ਅਗਲੀ ਤਰੀਕ ‘ਤੇ ਪੰਜਾਬ ਸਰਕਾਰ ਵਲੋਂ ਜਵਾਬਦਾਅਵਾ ਪੇਸ਼ ਕੀਤਾ ਜਾਵੇਗਾ ਅਤੇ ਉਦੋਂ ਤੱਕ ਡੇਰਾ ਮੁਖੀ ਖਿਲਾਫ ਹੇਠਲੀ ਅਦਾਲਤ ਵਿਚ ਮੁਕੱਦਮਾਂ ਚੱਲਦਾ ਰਹੇਗਾ।