Wednesday, February 19Malwa News
Shadow

ਅਮਰੀਕਾ ਬੈਠੇ ਹੈਪੀ ਪਾਸੀਆਂ ਦੇ ਦੋ ਸਾਥੀ ਕਾਬੂ

ਅੰਮ੍ਰਿਤਸਰ, 28 ਜਨਵਰੀ : ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਓਪਰੇਸ਼ਨ ਸੈੱਲ (SSOC) ਅੰਮ੍ਰਿਤਸਰ ਨੇ ਖੁਫੀਆ ਸੂਚਨਾ ਦੇ ਆਧਾਰ ‘ਤੇ ਵੱਡੀ ਕਾਰਵਾਈ ਕਰਦਿਆਂ ਗੁਮਟਾਲਾ ਪੁਲਿਸ ਚੌਕੀ ‘ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਇੱਕ ਨਾਰਕੋ-ਟੈਰਰ ਮੌਡਿਊਲ ਹੈ। ਇਸ ਓਪਰੇਸ਼ਨ ਵਿੱਚ ਦੋ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਦੋਸ਼ੀ ਅਮਰੀਕਾ ਸਥਿਤ ਅੱਤਵਾਦੀ ਹੈਪੀ ਪਾਸੀਆ ਅਤੇ ਡਰੱਗ ਤਸਕਰ ਸਰਵਨ ਭੋਲਾ ਨਾਲ ਜੁੜੇ ਹੋਏ ਹਨ।
ਗ੍ਰਿਫ਼ਤਾਰ ਕੀਤੇ ਦੋਸ਼ੀਆਂ ਦੀ ਪਛਾਣ ਬੱਗਾ ਸਿੰਘ ਵਾਸੀ ਸਿਰਸਾ ਅਤੇ ਪੁਸ਼ਕਰ ਸਿੰਘ ਉਰਫ਼ ਸਾਗਰ ਵਾਸੀ ਅੰਮ੍ਰਿਤਸਰ ਪੇਂਡੂ ਵਜੋਂ ਹੋਈ ਹੈ। ਇਨ੍ਹਾਂ ਦੋਵਾਂ ਨੇ 9 ਜਨਵਰੀ 2025 ਨੂੰ ਅੰਮ੍ਰਿਤਸਰ ਵਿੱਚ ਗੁਮਟਾਲਾ ਪੁਲਿਸ ਚੌਕੀ ‘ਤੇ ਗ੍ਰੇਨੇਡ ਹਮਲਾ ਕੀਤਾ ਸੀ।
ਪੁਲਿਸ ਦਾ ਕਹਿਣਾ ਹੈ ਕਿ ਇਹ ਹਮਲਾ ਰਾਜ ਵਿੱਚ ਦਹਿਸ਼ਤ ਫੈਲਾਉਣ ਅਤੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਦੇ ਇਰਾਦੇ ਨਾਲ ਕੀਤਾ ਗਿਆ ਸੀ।
ਮੁੱਢਲੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਬੱਗਾ ਸਿੰਘ ਡਰੱਗ ਤਸਕਰ ਸਰਵਨ ਭੋਲਾ ਦਾ ਨਜ਼ਦੀਕੀ ਰਿਸ਼ਤੇਦਾਰ ਹੈ। ਸਰਵਨ ਭੋਲਾ ਤਸਕਰ ਰਣਜੀਤ ਸਿੰਘ ਉਰਫ਼ ਚੀਤਾ ਦਾ ਭਰਾ ਹੈ, ਜੋ ਇਸ ਸਮੇਂ 532 ਕਿਲੋ ਹੈਰੋਇਨ ਮਾਮਲੇ ਵਿੱਚ ਬਠਿੰਡਾ ਜੇਲ੍ਹ ਵਿੱਚ ਬੰਦ ਹੈ। ਇਹ ਮੌਡਿਊਲ ਡਰੱਗ ਤਸਕਰੀ ਰਾਹੀਂ ਅੱਤਵਾਦੀ ਗਤੀਵਿਧੀਆਂ ਨੂੰ ਫੰਡ ਕਰ ਰਿਹਾ ਸੀ।
ਪੁਲਿਸ ਨੇ ਦੋਸ਼ੀਆਂ ਤੋਂ ਇੱਕ ਹੈਂਡ ਗ੍ਰੇਨੇਡ, ਦੋ ਆਧੁਨਿਕ ਪਿਸਤੌਲ ਵੀ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਕਈ ਸ਼ੱਕੀ ਦਸਤਾਵੇਜ਼ ਅਤੇ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ। ਹੁਣ ਮੋਬਾਈਲ ਦੀ ਫੋਰੈਂਸਿਕ ਜਾਂਚ ਕੀਤੀ ਜਾਵੇਗੀ, ਤਾਂ ਜੋ ਵਿਦੇਸ਼ ਅਤੇ ਭਾਰਤ ਵਿੱਚ ਨੈੱਟਵਰਕ ਬਾਰੇ ਜਾਣਕਾਰੀ ਮਿਲ ਸਕੇ।
ਇਨ੍ਹਾਂ ਹਮਲਿਆਂ ਦੇ ਪਿੱਛੇ ਹੈਪੀ ਪਾਸੀਆ ਦਾ ਹੱਥ ਹੈ, ਜੋ ਯੂਐੱਸਏ ਬੇਸਡ ਨੈੱਟਵਰਕ ਚਲਾ ਰਿਹਾ ਹੈ। ਉਹ ਕੁਖਿਆਤ ਅੱਤਵਾਦੀ ਹੈ, ਜੋ ਵਿਦੇਸ਼ੀ ਧਰਤੀ ਤੋਂ ਭਾਰਤ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਚਲਾ ਰਿਹਾ ਹੈ। ਉੱਥੇ ਹੀ, ਸਰਵਨ ਭੋਲਾ ਵੱਡਾ ਡਰੱਗ ਤਸਕਰ ਹੈ। ਜਿਸਦਾ ਨੈੱਟਵਰਕ ਹਰਿਆਣਾ, ਪੰਜਾਬ ਅਤੇ ਹੋਰ ਰਾਜਾਂ ਤੱਕ ਫੈਲਿਆ ਹੋਇਆ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਨਾਰਕੋ-ਟੈਰਰ ਮੌਡਿਊਲ ਅੱਤਵਾਦ ਅਤੇ ਡਰੱਗ ਤਸਕਰੀ ਦੇ ਵਿਚਕਾਰ ਗੂੜ੍ਹੇ ਸਬੰਧਾਂ ਨੂੰ ਉਜਾਗਰ ਕਰਦਾ ਹੈ। ਇਸ ਮਾਮਲੇ ਵਿੱਚ ਅੱਗੇ ਦੀ ਜਾਂਚ ਜਾਰੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਨੈੱਟਵਰਕ ਵਿੱਚ ਹੋਰ ਕੌਣ-ਕੌਣ ਸ਼ਾਮਿਲ ਹੈ।

Basmati Rice Advertisment