
ਨਵੀਂ ਦਿੱਲੀ, 28 ਜਨਵਰੀ : ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਮਹਾਂਕੁੰਭ ਦੌਰਾਨ ਫਲਾਈਟ ਕੰਪਨੀਆਂ ਵਲੋਂ ਸ਼ਰਧਾਲੂਆਂ ਦੀ ਆਸਥਾ ਨਾਲ ਖਿਲਵਾੜ ਕਰਨ ਅਤੇ ਟਿਕਟਾਂ ਦੀਆਂ ਕੀਮਤਾਂ ਵਿਚ ਹੱਦੋਂ ਵੱਧ ਵਾਧਾ ਕਰਨ ਦੀ ਆਲੋਚਨਾ ਕਰਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੀਆਂ ਏਅਰ ਲਾਈਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਰਾਘਵ ਚੱਢਾ ਨੇ ਕਿਹਾ ਕਿ ਮਹਾਂਕੁੰਭ ਸਨਾਤਨ ਧਰਮ ਦੇ ਪੈਰੋਕਾਰਾਂ ਲਈ ਦ੍ਰਿੜ ਵਿਸ਼ਵਾਸ਼ ਅਤੇ ਅਧਿਆਤਮਿਕਤਾ ਦਾ ਸਭ ਤੋਂ ਵੱਡਾ ਉਤਸਵ ਹੈ। ਹੁਣ ਜਦੋਂ 144 ਸਾਲਾਂ ਬਾਅਦ ਪ੍ਰਯਾਗਰਾਜ ਵਿਚ ਮਹਾਂਕੁੰਭ ਮਨਾਇਆ ਜਾ ਰਿਹਾ ਹੈ ਅਤੇ ਦੁਨੀਆਂ ਭਰ ਤੋਂ ਲੱਖਾਂ ਸ਼ਰਧਾਲੂ ਇਸ ਪਵਿੱਤਰ ਸਥਾਨ ‘ਤੇ ਆ ਰਹੇ ਹਨ। ਅਜਿਹੇ ਧਾਰਮਿਕ ਮੌਕੇ ‘ਤੇ ਏਅਰਲਾਈਨ ਕੰਪਨੀਆਂ ਵਲੋਂ ਮੁਨਾਫਾ ਕਮਾਉਣ ਦੇ ਲਾਲਚ ਵਿਚ ਸ਼ਰਧਾਲੂਆਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ। ਅਜਿਹੇ ਮੁਨਾਫਾਖੋਰਾਂ ਦੀ ਭਾਰਤ ਦੇ ਲੋਕਾਂ ਨੂੰ ਕੋਈ ਲੋੜ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਫਲਾਈਟਾਂ ਦਾ ਕਿਰਾਇਆ ਜੋ ਪੰਜ ਹਜਾਰ ਤੋਂ ਲੈ ਕੇ 8 ਹਜਾਰ ਤੱਕ ਸੀ, ਹੁਣ ਮਹਾਂਕੁੰਭ ਦੌਰਾਨ ਇਹੀ ਕਿਰਾਇਆ ਵਧਾ ਕੇ 50 ਹਜਾਰ ਤੋਂ ਲੈ ਕੇ 60 ਹਜਾਰ ਰੁਪਏ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੀਆਂ ਮੁਨਾਫਾਖੋਰ ਕੰਪਨੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ, ਕਿਉਂਕਿ ਕਿਰਾਇਆ ਵਧਾਉਣ ਦੀ ਵੀ ਕੋਈ ਹੱਦ ਹੁੰਦੀ ਹੈ। ਲੋਕਾਂ ਦੀ ਲੁੱਟ ਦੀ ਕਿਸੇ ਵੀ ਕੰਪਨੀ ਨੂੰ ਇਜਾਜਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਅਜਿਹੇ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਭਵਿੱਖ ਵਿਚ ਵੀ ਕੋਈ ਕੰਪਨੀਆਂ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਦਾ ਲਾਹਾ ਲੈ ਕੇ ਲੁੱਟ ਨਾ ਕਰ ਸਕੇ।