
ਰੋਹਤਕ, 28 ਜਨਵਰੀ : ਜੇਲ੍ਹ ਵਿਚ ਸਜ਼ਾ ਭੁਗਤ ਰਹੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਪੈਰੋਲ ਮਿਲ ਗਈ ਹੈ। ਪੈਰੋਲ ਮਿਲਣ ਪਿਛੋਂ ਹਨੀਪ੍ਰੀਤ ਖੁਦ ਡੇਰੇ ਦੀਆਂ ਦੋ ਗੱਡੀਆਂ ਲੈ ਕੇ ਜੇਲ੍ਹ ਵਿਚੋਂ ਰਾਮ ਰਹੀਮ ਨੂੰ ਲੈਣ ਪਹੁੰਚੀ।
ਸੰਤ ਗੁਰਮੀਤ ਰਾਮ ਰਹੀਮ ਸਿੰਘ ਨੂੰ ਅਦਾਲਤ ਨੇ 30 ਦਿਨ ਦੀ ਪੈਰੋਲ ਦਿੱਤੀ ਹੈ, ਜਿਸ ਦੌਰਾਨ ਉਹ 10 ਦਿਨ ਸਿਰਸਾ ਡੇਰੇ ਵਿਚ ਹੀ ਰਹਿਣਗੇ। ਇਸ ਤੋਂ ਬਾਅਦ ਉਹ ਬਾਗਪਤ ਵਿਖੇ ਬਰਨਾਵਾ ਆਸ਼ਰਮ ਜਾਣਗੇ ਅਤੇ ਉਥੇ 20 ਦਿਨ ਰਹਿਣਗੇ। ਗੁਰਮੀਤਰਾਮ ਰਹੀਮ ਸਿੰਘ ਨੇ 45 ਦਿਨ ਦੀ ਪੈਰੋਲ ਮੰਗੀ ਸੀ, ਪਰ ਉਸ ਦੀ 30 ਦਿਨ ਦੀ ਪੈਰੋਲ ਹੀ ਮਨਜੂਰ ਹੋਈ ਹੈ। ਰੋਹਤਕ ਦੀ ਸੁਨਾਰੀਆ ਜੇਲ ਵਿਚ ਸਜ਼ਾ ਭੁਗਤ ਰਹੇ ਗੁਰਮੀਤ ਰਾਮ ਰਹੀਮ ਸਿੰਘ ਸਾਲ 2017 ਤੋਂ ਬਾਅਦ ਹੁਣ 12 ਵੀਂ ਵਾਰ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਏ ਹਨ।
ਗੁਰਮੀਤ ਰਾਮ ਰਹੀਮ ਸਿੰਘ ਦੋ ਸਾਧਵੀਆਂ ਨਾਲ ਯੌਨ ਸੋਸ਼ਣ ਦੇ ਮਾਮਲਿਆਂ ਵਿਚ 10–10 ਸਾਲ ਦੀ ਕੈਦ ਦੀ ਸਜ਼ਾ ਭੁਗਤ ਰਹੇ ਹਨ ਅਤੇ ਪੱਤਰਕਾਰ ਛਤਰਪਤੀ ਅਤੇ ਡੇਰੇ ਦੇ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਦੇ ਮਾਮਲੇ ਵਿਚ ਉਮਰ ਕੈਦ ਕੱਟ ਰਹੇ ਹਨ। ਉਹ 25 ਅਗਸਤ 2017 ਤੋਂ ਲੈ ਕੇ ਹੁਣ ਤੱਕ ਰੋਹਤਕ ਦੀ ਸੁਨਾਰੀਆ ਜੇਲ ਵਿਚ ਬੰਦ ਹਨ।