
ਅੰਮ੍ਰਿਤਸਰ, 27 ਜਨਵਰੀ : ਸੰਗਠਿਤ ਅਪਰਾਧ ਨੂੰ ਵੱਡਾ ਝਟਕਾ ਦਿੰਦੇ ਹੋਏ, ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਕੌਸ਼ਲ ਚੌਧਰੀ ਗੈਂਗ ਦੇ ਛੇ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਰਾਜ ਵਿੱਚ ਸੰਭਾਵੀ ਕਤਲਾਂ ਨੂੰ ਨਾਕਾਮ ਕਰ ਦਿੱਤਾ ਹੈ। ਵਰਨਣਯੋਗ ਹੈ ਕਿ ਇਨ੍ਹਾਂ ਵਿੱਚ ਦੋ ਮੁੱਖ ਸ਼ੂਟਰ ਪੁਨੀਤ ਲਖਨਪਾਲ ਅਤੇ ਨਰਿੰਦਰ ਕੁਮਾਰ ਉਰਫ ਲਾਲੀ ਵੀ ਸ਼ਾਮਲ ਹਨ, ਜੋ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬਿਆਂ ਅਤੇ ਸੁਖਮੀਤ ਸਿੰਘ ਉਰਫ ਡਿਪਟੀ ਦੇ ਕਤਲ ਵਿੱਚ ਸ਼ਾਮਲ ਸਨ। ਇਸ ਸਬੰਧੀ ਜਾਣਕਾਰੀ ਅੱਜ ਇੱਥੇ ਪੁਲਿਸ ਮਹਾਨਿਰਦੇਸ਼ਕ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗ੍ਰਿਫਤਾਰ ਕੀਤੇ ਗਏ ਹੋਰ ਚਾਰ ਮੈਂਬਰਾਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਹੈਪਲ ਵਾਸੀ ਗੁਰੂ ਹਰਿ ਸਹਾਏ, ਫਿਰੋਜ਼ਪੁਰ; ਗੁਰਭਿੰਦਰ ਸਿੰਘ ਵਾਸੀ ਚਾਟੀਵਿੰਡ ਲਹਿਲ, ਅੰਮ੍ਰਿਤਸਰ; ਸੰਦੀਪ ਸਿੰਘ ਵਾਸੀ ਪਿੰਡ ਰਾਜਧਾਨ, ਅੰਮ੍ਰਿਤਸਰ; ਅਤੇ ਮਨਿੰਦਰਜੀਤ ਸਿੰਘ ਉਰਫ ਸ਼ਿੰਦਾ ਵਾਸੀ ਪਿੰਡ ਬੱਦੋਵਾਲ ਝਾਂਡੇ, ਲੁਧਿਆਣਾ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਇਨ੍ਹਾਂ ਦੇ ਕਬਜ਼ੇ ਤੋਂ .30 ਬੋਰ ਦੀਆਂ 6 ਵਿਦੇਸ਼ੀ ਪਿਸਤੌਲਾਂ ਸਮੇਤ 40 ਕਾਰਤੂਸ ਵੀ ਬਰਾਮਦ ਕੀਤੇ ਹਨ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਗੈਂਗ ਸਤੰਬਰ 2024 ਵਿੱਚ ਰਾਜਸਥਾਨ ਦੇ ਹਾਈਵੇ ਕਿੰਗ ਹੋਟਲ ਵਿੱਚ ਅੰਨ੍ਹੇਵਾਹ ਗੋਲੀਬਾਰੀ ਕਰਨ ਅਤੇ 5 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੀ ਘਟਨਾ ਵਿੱਚ ਵੀ ਸ਼ਾਮਲ ਸੀ। ਗ੍ਰਿਫਤਾਰ ਕੀਤੇ ਗਏ ਸਾਰੇ ਮੁਲਜ਼ਮ ਅਪਰਾਧਕ ਪਿਛੋਕੜ ਵਾਲੇ ਹਨ ਅਤੇ ਉਹ ਪਿਛਲੇ ਤਿੰਨ ਸਾਲਾਂ ਤੋਂ ਗ੍ਰਿਫਤਾਰੀ ਤੋਂ ਬਚ ਰਹੇ ਸਨ।
ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਫੜੇ ਗਏ ਵਿਅਕਤੀ ਕੌਸ਼ਲ ਚੌਧਰੀ ਗੈਂਗ ਦੇ ਸੰਗਠਿਤ ਅਪਰਾਧਕ ਨੈੱਟਵਰਕ ਦੇ ਪੇਸ਼ੇਵਰ ਸ਼ੂਟਰ ਹਨ, ਜੋ ਹਰਿਆਣਾ, ਰਾਜਸਥਾਨ, ਪੰਜਾਬ ਆਦਿ ਵਿੱਚ ਸਰਗਰਮ ਹਨ, ਅਤੇ ਉਹ ਆਪਣੇ ਵਿਦੇਸ਼ੀ ਸੰਚਾਲਕਾਂ ਦੇ ਨਿਰਦੇਸ਼ ‘ਤੇ ਅਪਰਾਧਕ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਸਨ।
ਇਸ ਓਪਰੇਸ਼ਨ ਬਾਰੇ ਜਾਣਕਾਰੀ ਦਿੰਦੇ ਹੋਏ ਡੀਜੀਪੀ ਨੇ ਦੱਸਿਆ ਕਿ ਐਤਵਾਰ ਨੂੰ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਨੂੰ ਭਰੋਸੇਯੋਗ ਸੂਚਨਾ ਮਿਲੀ ਸੀ ਕਿ ਕੌਸ਼ਲ ਚੌਧਰੀ ਗੈਂਗ ਦੇ ਮੈਂਬਰ, ਜਿਨ੍ਹਾਂ ਵਿੱਚ ਅਮਰਜੀਤ ਸਿੰਘ ਉਰਫ ਅਮਰ, ਜਗਜੀਤ ਸਿੰਘ ਉਰਫ ਗਾਂਧੀ, ਬਲਵਿੰਦਰ ਸਿੰਘ ਉਰਫ ਡੋਨੀ, ਪ੍ਰਭਦੀਪ ਸਿੰਘ ਉਰਫ ਪ੍ਰਭ ਦਾਸੂਵਾਲ ਅਤੇ ਹੋਰ ਸ਼ਾਮਲ ਹਨ, ਵਿਦੇਸ਼ਾਂ ਵਿੱਚ ਆਪਣੇ ਸਥਾਨਕ ਸੰਚਾਲਕਾਂ ਦੀ ਸਹਾਇਤਾ ਨਾਲ ਰਾਜ ਵਿੱਚ ਕਤਲਾਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਹੇ ਹਨ।
ਜਾਣਕਾਰੀ ਅਨੁਸਾਰ, ਇਸ ਗਿਰੋਹ ਦੇ ਸਥਾਨਕ ਮੈਂਬਰ ਕਥਿਤ ਤੌਰ ‘ਤੇ ਜੰਡਿਆਲਾ ਅੰਮ੍ਰਿਤਸਰ ਸਥਿਤ ਹਵੇਲੀ ਰੈਸਟੋਰੈਂਟ ਦੇ ਨੇੜੇ ਘੁੰਮ ਰਹੇ ਸਨ ਅਤੇ ਘਾਤਕ ਹਥਿਆਰਾਂ ਨਾਲ ਲੈਸ ਸਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸੂਚਨਾ ‘ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਵਿਸ਼ੇਸ਼ ਨਾਕਾ ਲਗਾ ਕੇ ਇਸ ਗੈਂਗ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕਰ ਉਨ੍ਹਾਂ ਦੇ ਕਬਜ਼ੇ ਤੋਂ ਛੇ ਪਿਸਤੌਲਾਂ ਸਮੇਤ ਗੋਲੀਆਂ ਬਰਾਮਦ ਕੀਤੀਆਂ।