
ਚੰਡੀਗੜ੍ਹ, 27 ਜਨਵਰੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਰਕਾਰੀ ਸਿਹਤ ਸਹੂਲਤਾਂ ਵਿੱਚ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ਾਂ ਤਹਿਤ, ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸੂਬੇ ਭਰ ਦੇ ਸਾਰੇ ਮੈਡੀਕਲ ਕਾਲਜਾਂ, ਸਿਵਲ ਹਸਪਤਾਲਾਂ, ਸਬ-ਡਿਵੀਜ਼ਨਲ ਹਸਪਤਾਲਾਂ ਅਤੇ ਬਲਾਕ ਪੱਧਰ ਦੇ ਹਸਪਤਾਲਾਂ ਵਿੱਚ ਬਿਜਲੀ ਸਪਲਾਈ ਅਤੇ ਅੱਗ ਸੁਰੱਖਿਆ ਦਾ ਆਡਿਟ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਸਿਹਤ ਮੰਤਰੀ ਸਿਵਲ ਹਸਪਤਾਲਾਂ ਦੇ ਸਾਰੇ ਸਿਵਲ ਸਰਜਨਾਂ ਅਤੇ ਮੈਡੀਕਲ ਕਾਲਜਾਂ ਦੇ ਮੈਡੀਕਲ ਸੁਪਰਿੰਟੈਂਡੈਂਟਾਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਮੀਟਿੰਗ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਸ਼ਾਸਕੀ ਸਕੱਤਰ ਕੁਮਾਰ ਰਾਹੁਲ, ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.) ਦੇ ਸਕੱਤਰ ਰਵੀ ਭਗਤ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ (ਪੀ.ਐਚ.ਐਸ.ਸੀ.) ਦੇ ਮੈਨੇਜਿੰਗ ਡਾਇਰੈਕਟਰ ਵਰਿੰਦਰ ਕੁਮਾਰ ਸ਼ਰਮਾ, ਪੀਐਸਪੀਸੀਐਲ ਦੇ ਸੀਐਮਡੀ ਇੰਜੀਨੀਅਰ ਬਲਦੇਵ ਸਿੰਘ ਸਰਾਂ, ਸਿਹਤ ਡਾਇਰੈਕਟਰ ਡਾ. ਹਿਤਿੰਦਰ ਕੌਰ ਅਤੇ ਖੋਜ ਅਤੇ ਮੈਡੀਕਲ ਸਿੱਖਿਆ ਡਾਇਰੈਕਟਰ ਡਾ. ਅਵਨੀਸ਼ ਕੁਮਾਰ ਵੀ ਹਾਜ਼ਰ ਸਨ।
ਸਿਹਤ ਮੰਤਰੀ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ, ਬਿਜਲੀ ਕਟੌਤੀ ਦੀ ਸਥਿਤੀ ਵਿੱਚ ਸਾਰੀਆਂ ਮਹੱਤਵਪੂਰਨ ਦੇਖਭਾਲ ਇਕਾਈਆਂ ਜਿਵੇਂ ਕਿ ਆਪਰੇਸ਼ਨ ਥੀਏਟਰ, ਲੇਬਰ ਰੂਮ, ਐਮਰਜੈਂਸੀ, ਐਸਐਨਸੀਯੂ ਅਤੇ ਐਨਆਈਸੀਯੂ ਵਿੱਚ ਘੱਟੋ-ਘੱਟ 30 ਮਿੰਟ ਦਾ ਯੂਪੀਐਸ ਪਾਵਰ ਬੈਕਅੱਪ ਉਪਲਬਧ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਸਾਰੀਆਂ ਸਿਹਤ ਸਹੂਲਤਾਂ ਵਿੱਚ ਡੀਜ਼ਲ ਦੀ ਲੋੜੀਂਦੀ ਸਪਲਾਈ ਦੇ ਨਾਲ ਪੂਰੀ ਤਰ੍ਹਾਂ ਕੰਮ ਕਰਦੇ ਜਨਰੇਟਰ ਸੈੱਟ ਉਪਲਬਧ ਹੋਣੇ ਚਾਹੀਦੇ ਹਨ।
ਡਾ. ਬਲਬੀਰ ਸਿੰਘ ਨੇ ਜ਼ਿਲ੍ਹਾ, ਸਬ-ਡਿਵੀਜ਼ਨ ਅਤੇ ਬਲਾਕ ਪੱਧਰ ਦੇ ਹਸਪਤਾਲਾਂ ਸਮੇਤ ਸਾਰੇ ਪੱਧਰਾਂ ‘ਤੇ ਕਮੇਟੀਆਂ ਦੇ ਗਠਨ ਦੇ ਹੁਕਮ ਵੀ ਜਾਰੀ ਕੀਤੇ।
ਇਨ੍ਹਾਂ ਕਮੇਟੀਆਂ ਵਿੱਚ ਸਿਹਤ ਵਿਭਾਗ/ਮੈਡੀਕਲ ਕਾਲਜ, ਪੀਐਸਪੀਸੀਐਲ ਅਤੇ ਪੀਡਬਲਯੂਡੀ-ਇਲੈਕਟ੍ਰੀਕਲ ਦੇ ਨੁਮਾਇੰਦੇ ਸ਼ਾਮਲ ਹੋਣਗੇ, ਜੋ ਸਾਰੀਆਂ ਸਿਹਤ ਸਹੂਲਤਾਂ ਵਿੱਚ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੋਣਗੇ। ਕਮੇਟੀ ਦੇ ਮੈਂਬਰ ਆਪਸੀ ਤਾਲਮੇਲ ਨਾਲ ਹਸਪਤਾਲਾਂ ਵਿੱਚ ਉਪਲਬਧ ਯੂਪੀਐਸ ਅਤੇ ਹੋਰ ਪਾਵਰ ਬੈਕਅੱਪ ਪ੍ਰਣਾਲੀਆਂ ਦੀ ਕਾਰਜਕੁਸ਼ਲਤਾ ‘ਤੇ ਰਿਪੋਰਟ ਦੇਣਗੇ।
ਸਿਹਤ ਮੰਤਰੀ ਨੇ ਸਾਰੇ ਸਿਵਲ ਸਰਜਨਾਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਬਿਜਲੀ ਕਟੌਤੀ ਦੀ ਸਥਿਤੀ ਵਿੱਚ ਬੈਕਅੱਪ ਬਿਜਲੀ ਸਪਲਾਈ ਤੁਰੰਤ ਸ਼ੁਰੂ ਕੀਤੀ ਜਾਵੇ ਤਾਂ ਜੋ ਮਹੱਤਵਪੂਰਨ ਸਿਹਤ ਸੇਵਾਵਾਂ ਪ੍ਰਭਾਵਿਤ ਨਾ ਹੋਣ। ਉਨ੍ਹਾਂ ਇਹ ਵੀ ਕਿਹਾ ਕਿ ਇਸ ਉਦੇਸ਼ ਲਈ ਬੈਕਅੱਪ ਬਿਜਲੀ ਸਪਲਾਈ ਨੂੰ ਸਰਗਰਮ ਕਰਨ ਵਾਲੇ ਵਿਅਕਤੀ ਨਾਲ ਸੰਪਰਕ ਲਈ ਇੱਕ ਢੁਕਵੀਂ ਸੰਚਾਰ ਪ੍ਰਣਾਲੀ ਸਥਾਪਤ ਕੀਤੀ ਜਾਣੀ ਚਾਹੀਦੀ ਹੈ।