
ਅੰਮ੍ਰਿਤਸਰ, 27 ਜਨਵਰੀ : ਗਣਤੰਤਰ ਦਿਵਸ ਮੌਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਇਕ ਨੌਜਵਾਨ ਵਲੋਂ ਭਾਰਤ ਦੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦੀ ਮੂਰਤੀ ਦੀ ਭੰਨਤੋੜ ਕੀਤੇ ਜਾਣ ਪਿਛੋਂ ਅੱਜ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਡਾ. ਅੰਬੇਦਕਰ ਦੀ ਇਸ ਮੂਰਤੀ ‘ਤੇ ਫੁੱਲ ਮਾਲਾਵਾਂ ਭੇਂਟ ਕਰਕੇ ਬਾਬਾ ਸਾਹਿਬ ਅੰਬੇਦਕਰ ਪ੍ਰਤੀ ਸ਼ਰਧਾ ਪ੍ਰਗਟ ਕੀਤੀ।
ਅੱਜ ਹੈਰੀਟੇਜ ਸਟਰੀਟ ‘ਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ, ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ., ਕੁਲਦੀਪ ਸਿੰਘ ਧਾਲੀਵਾਲ ਅਤੇ ਡਾ. ਸੰਨੀ ਆਹਲੂਵਾਲੀਆ ਨੇ ਡਾ. ਅੰਬੇਦਕਰ ਦੇ ਬੁੱਤ ‘ਤੇ ਫੁੱਲ ਮਾਲਾਵਾਂ ਭੇਂਟ ਕੀਤੀਆਂ। ਇਸ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਕੁੱਝ ਪੰਜਾਬ ਵਿਰੋਧੀ ਸ਼ਕਤੀਆਂ ਸਾਡੀ ਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸੇ ਸਾਜਿਸ਼ ਤਹਿਤ ਹੀ ਸਾਡੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦੀ ਮੂਰਤੀ ਦੀ ਬੇਅਦਬੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸ਼ਕਤੀਆਂ ਦੇ ਮਨਸੂਬੇ ਕਿਸੇ ਵੀ ਹਾਲਤ ਵਿਚ ਪੂਰੇ ਨਹੀਂ ਹੋਣ ਦਿੱਤੇ ਜਾਣਗੇ।
ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਇਸ ਘਟਨਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਦੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸਦਾ ਚਾਰ ਦਿਨ ਦਾ ਪੁਲੀਸ ਰਿਮਾਂਡ ਮਿਲਿਆ ਹੈ। ਇਸ ਦੌਰਾਨ ਇਹ ਪਤਾ ਕੀਤਾ ਜਾਵੇਗਾ ਕਿ ਇਸ ਘਟਨਾਂ ਪਿਛੇ ਕਿਹੜੀਆਂ ਸ਼ਕਤੀਆਂ ਕੰਮ ਕਰ ਰਹੀਆਂ ਹਨ।