Wednesday, February 19Malwa News
Shadow

ਜਹਾਜ ਹਵੇਲੀ ਦੀ ਬਹਾਲ ਕਰਾਂਗੇ ਪੁਰਾਣੀ ਦਸ਼ਾ : ਸੌਂਦ

ਫਤਿਹਗੜ੍ਹ ਸਾਹਿਬ, 27 ਜਨਵਰੀ : ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਅਗਵਾਈ ਹੇਠ ਫ਼ਤਿਹਗੜ੍ਹ ਸਾਹਿਬ ਸਥਿਤ ਜਹਾਜ਼ ਹਵੇਲੀ ਦੀ ਮੁੜ-ਸਥਾਪਨਾ ਅਤੇ ਸੰਭਾਲ ਲਈ ਸੈਰ-ਸਪਾਟਾ ਵਿਭਾਗ ਦੇ ਸੈਕਟਰ 38 ਸਥਿਤ ਦਫ਼ਤਰ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਗਈ।
ਸੌਂਦ ਦੀ ਪਹਿਲਕਦਮੀ ‘ਤੇ ਮੀਟਿੰਗ ਵਿੱਚ ਫ਼ੈਸਲਾ ਲਿਆ ਗਿਆ ਕਿ ਇਸੇ ਹਫ਼ਤੇ ਵੀਰਵਾਰ, 30 ਜਨਵਰੀ ਨੂੰ ਇੱਕ ਕਮੇਟੀ ਹਵੇਲੀ ਦਾ ਦੌਰਾ ਕਰੇਗੀ ਅਤੇ ਉੱਥੇ ਦੀ ਮੌਜੂਦਾ ਸਥਿਤੀ ਬਾਰੇ ਆਪਣੀ ਰਿਪੋਰਟ ਪੇਸ਼ ਕਰੇਗੀ। ਇਸ ਤੋਂ ਬਾਅਦ 8 ਮਾਹਿਰ ਮੈਂਬਰਾਂ ਦੀ ਇੱਕ ਡਿਜ਼ਾਈਨ ਕਮੇਟੀ ਇਸ ਦੀ ਵਿਸਥਾਰਤ ਜਾਂਚ ਕਰੇਗੀ। ਮੰਤਰੀ ਸੌਂਦ ਨੇ ਕਿਹਾ ਕਿ ਜੇਕਰ ਇਸ ਕੰਮ ਵਿੱਚ ਕੋਈ ਰੁਕਾਵਟ ਨਾ ਆਈ ਤਾਂ ਜਲਦ ਤੋਂ ਜਲਦ ਦੀਵਾਨ ਟੋਡਰ ਮੱਲ ਜੀ ਦੀ ਜਹਾਜ਼ ਹਵੇਲੀ ਦੀ ਮੁੜ-ਸਥਾਪਨਾ ਅਤੇ ਸੰਭਾਲ ਦਾ ਕੰਮ ਸ਼ੁਰੂ ਕੀਤਾ ਜਾ ਸਕੇਗਾ।
ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਨੇ ਕਿਹਾ ਕਿ ਪ੍ਰਾਚੀਨ ਅਤੇ ਇਤਿਹਾਸਕ ਇਮਾਰਤਾਂ ਸਾਡੀ ਵਿਰਾਸਤ ਅਤੇ ਸੱਭਿਆਚਾਰ ਦਾ ਅਹਿਮ ਹਿੱਸਾ ਹਨ ਅਤੇ ਇਨ੍ਹਾਂ ਦੀ ਖੋਈ ਹੋਈ ਸ਼ਾਨ ਨੂੰ ਮੁੜ ਬਹਾਲ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਵਿੱਚ ਦੀਵਾਨ ਟੋਡਰ ਮੱਲ ਜੀ ਦਾ ਨਾਮ ਬਹੁਤ ਸਤਿਕਾਰ ਅਤੇ ਆਦਰ ਨਾਲ ਲਿਆ ਜਾਂਦਾ ਹੈ, ਅਤੇ ਉਨ੍ਹਾਂ ਨਾਲ ਸਬੰਧਤ ਜਹਾਜ਼ ਹਵੇਲੀ ਦੀ ਸੰਭਾਲ ਕਰਨਾ ਸਾਡਾ ਸਾਰਿਆਂ ਦਾ ਫ਼ਰਜ਼ ਹੈ। ਵਰਨਣਯੋਗ ਹੈ ਕਿ ਜਹਾਜ਼ ਹਵੇਲੀ ਦੀ ਸੰਭਾਲ ਅਤੇ ਮੁੜ-ਸਥਾਪਨਾ ਨਾਲ ਸਬੰਧਤ ਕੰਮਾਂ ਨੂੰ ਸਮੇਂ-ਬੱਧ ਕਰਨ ਲਈ ਮੀਟਿੰਗ ਵਿੱਚ ਹਾਜ਼ਰ ਪਤਵੰਤਿਆਂ ਨੇ ਮੰਤਰੀ ਸੌਂਦ ਦਾ ਵਿਸ਼ੇਸ਼ ਧੰਨਵਾਦ ਕੀਤਾ।
ਇਸ ਮੀਟਿੰਗ ਵਿੱਚ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਵਿਭਾਗ ਦੇ ਸਕੱਤਰ ਮਲਵਿੰਦਰ ਸਿੰਘ ਜੱਗੀ, ਡਾਇਰੈਕਟਰ ਅੰਮ੍ਰਿਤ ਸਿੰਘ, ਵਿਭਾਗ ਦੇ ਹੋਰ ਉੱਚ ਅਧਿਕਾਰੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਕੱਤਰ, ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਹੋਰ ਸਬੰਧਤ ਧਿਰਾਂ ਹਾਜ਼ਰ ਸਨ।

Basmati Rice Advertisment