ਚੰਡੀਗੜ੍ਹ, 5 ਦਸੰਬਰ : ਪੰਜਾਬ ਦੇ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਅੱਜ ਪੰਜਾਬ ਵਿਚ ਕਰਵਾਈਆਂ ਜਾ ਰਹੀਆਂ ਨਗਰ ਨਿਗਮ ਚੋਣਾ ਦੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਨ ਲਈ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਗ੍ਰਹਿ ਵਿਭਾਗ ਦੇ ਸਕੱਤਰ ਗੁਰਕੀਰਤ ਕਿਰਪਾਲ ਸਿੰਘ, ਸਪੈਸ਼ਲ ਡੀ ਜੀ ਪੀ ਅਰਪਿਤ ਸ਼ੁਕਲਾ ਅਤੇ ਸਟੇਟ ਚੋਣ ਕਮਿਸ਼ਨ ਦੇ ਸੈਕਟਰੀ ਜਗਜੀਤ ਸਿੰਘ ਸਮੇਤ ਵੱਖ ਵੱਖ ਅਧਕਾਰੀ ਸ਼ਾਮਲ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸਟੇਟ ਚੋਣ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਦੀਆਂ ਪੰਜ ਨਗਰ ਨਿਗਮਾਂ, 44 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਨਗਰ ਕੌਂਸਲਾਂ ਦੇ 43 ਵਾਰਡਾਂ ਅਤੇ ਨਗਰ ਨਿਗਮਾਂ ਦੇ 6 ਵਾਡਰਾਂ ਦੀ ਜ਼ਿਮਨੀ ਚੋਣ ਵੀ ਕਰਵਾਈ ਜਾਣੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਇਹ ਚੋਣਾ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਹਰ ਤਰਾਂ ਦੇ ਪੁਖਤਾ ਪ੍ਰਬੰਧ ਕੀਤੇ ਜਾਣ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਵਾਪਰਨ ‘ਤੇ ਤੁਰੰਤ ਕਾਰਵਾਈ ਲਈ ਪੂਰਾ ਸਟਾਫ ਤਾਇਨਾਤ ਕੀਤਾ ਜਾਵੇ। ਉਨ੍ਹਾਂ ਨੇ ਦੱਸਿਆ ਕਿ ਸਪੈਸ਼ਲ ਡੀ ਜੀ ਪੀ ਅਰਪਿਤ ਸ਼ੁਕਲਾ ਨੂੰ ਇਨ੍ਹਾਂ ਚੋਣਾ ਲਈ ਸੁਰੱਖਿਆ ਪ੍ਰਬੰਧਾਂ ਲਈ ਨਿਗਰਾਨੀ ਕਰਨ ਦੀ ਜੁੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਜਿਲਾ ਮੈਜਿਸਟਰੇਟਾਂ ਵਲੋਂ ਵੀ ਇਨ੍ਹਾਂ ਚੋਣਾ ਲਈ ਪੁਖਤਾ ਪ੍ਰਬੰਧ ਕੀਤੇ ਜਾਣੇ ਯਕੀਨੀ ਬਣਾਏ ਜਾਣ। ਕਿਸੇ ਵੀ ਵੋਟਰ ਨੂੰ ਵੋਟਾਂ ਦੇ ਅਧਿਕਾਰ ਤੋਂ ਵਾਂਝਾ ਨਾ ਕੀਤਾ ਜਾਵੇ ਅਤੇ ਵੋਟਾਂ ਵਿਚ ਡਰਾਉਣ ਧਮਕਾਉਣ ਦੀ ਕੋਈ ਘਟਨਾਂ ਨਾ ਹੋਣ ਦਿੱਤੀ ਜਾਵੇ।