Monday, January 13Malwa News
Shadow

ਹੁਣ ਸਰਪੰਚ ਨੰਬਰਦਾਰ ਘਰ ਬੈਠੇ ਹੀ ਕਰਨਗੇ ਅਰਜੀਆਂ ਤਸਦੀਕ

Scs Punjabi

ਚੰਡੀਗੜ੍ਹ, 5 ਦਸੰਬਰ : ਪੰਜਾਬ ਦੇ ਲੋਕਾਂ ਨੂੰ ਦਫਤਰਾਂ ਦੀ ਖੱਜਲ ਖੁਆਰੀ ਤੋਂ ਬਚਾਉਣ ਲਈ ਅਤੇ ਸੌਖੀਆਂ ਸੇਵਾਵਾਂ ਮੁਹਈਆ ਕਰਵਾਉਣ ਲਈ ਅੱਜ ਪੰਜਾਬ ਵਿਚ ਡਿਜੀਟਲ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਕਰਦਿਆਂ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ ਸਰਪੰਚ, ਨੰਬਰਦਾਰ, ਐਮ ਸੀ ਇਸ ਪੋਰਟਲ ਰਾਹੀਂ ਆਨਲਾਈਨ ਤਸਦੀਕ ਕਰ ਸਕਣਗੇ।
ਅਮਨ ਅਰੋੜਾ ਨੇ ਕਿਹਾ ਕਿ ਆਨਲਾਈਨ ਸਰਟੀਫਿਕੇਸ਼ਨ ਲਈ ਪੰਜਾਬ ਦਾ ਇਹ ਪਹਿਲਾ ਸੂਬਾ ਬਣ ਗਿਆ ਹੈ। ਇਸ ਪੋਰਟਲ ਰਾਹੀਂ ਕੋਈ ਵੀ ਸਰਟੀਫਿਕੇਟ ਤਸਦੀਕ ਕਰਨ ਲਈ ਹਾਰਡ ਕਾਪੀ ਦੀ ਲੋੜ ਨਹੀਂ ਅਤੇ ਥਾਣੇ ਕਚਹਿਰੀਆਂ ਵਿਚ ਪੰਚ, ਸਰਪੰਚ ਜਾਂ ਨੰਬਰਦਾਰ ਨੂੰ ਜਾਣ ਦੀ ਲੋੜ ਨਹੀਂ ਹੈ। ਹੁਣ ਕਿਸੇ ਵੀ ਵਿਅਕਤੀ ਨੂੰ ਆਪਣੀ ਕੋਈ ਅਰਜੀ ਸਰਪੰਚ, ਨੰਬਰਦਾਰ, ਐਮ ਸੀ ਜਾਂ ਹੋਰ ਕਿਸੇ ਨੁਮਾਇੰਦੇ ਤੋਂ ਤਸਦੀਕ ਕਰਵਾਉਣ ਦੀ ਲੋੜ ਪੈਂਦੀ ਹੈ ਤਾਂ ਉਸ ਨੂੰ ਸਬੰਧਿਤ ਨੁਮਾਇੰਦੇ ਨੂੰ ਦਫਤਰ ਵਿਚ ਲੈ ਕੇ ਜਾਣ ਦੀ ਲੋੜ ਨਹੀਂ ਹੋਵੇਗੀ। ਉਹ ਨੁਮਾਇੰਦਾ ਆਨਲਾਈਨ ਹੀ ਅਰਜੀ ਤਸਦੀਕ ਕਰ ਸਕਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਆਮ ਲੋਕਾਂ ਦੀਆਂ ਲੋੜਾਂ ਵਾਲੀਆਂ ਸੇਵਾਵਾਂ ਜਿਵੇਂ ਰਿਹਾਇਸ਼ੀ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਇਨਕਮ ਸਰਟੀਫਿਕੇਟ, ਬੁਢਾਪਾ ਪੈਨਸ਼ਨ ਲਈ ਅਰਜੀ ਆਦਿ ਸੇਵਾਵਾਂ ਲਈ ਆਨਲਾਈਨ ਹੀ ਤਸਦੀਕ ਕੀਤਾ ਜਾ ਸਕੇਗਾ। ਇਸ ਤਰਾਂ ਅਰਜੀ ਦੀ ਤਸਦੀਕ ਲਈ ਨੁਮਾਇੰਦਿਆਂ ਨੂੰ ਵੱਟਸਐਪ ਰਾਹੀਂ ਜਾਣਕਾਰੀ ਹਾਸਲ ਹੋਵੇਗੀ। ਇਸ ਪ੍ਰੋਜੈਕਟ ਨਾਲ ਜਿਥੇ ਆਮ ਲੋਕਾਂ ਦੀ ਖੱਜਲ ਖੁਆਰੀ ਘਟੇਗੀ, ਉਥੇ ਜਨਤਾ ਦੇ ਨੁਮਾਇੰਦਿਆਂ ਦਾ ਬੋਝ ਵੀ ਘਟੇਗਾ। ਇਸ ਨਾਲ ਪ੍ਰਸਾਸ਼ਨਕ ਸੇਵਾਵਾਂ ਵਿਚ ਵੀ ਸੁਧਾਰ ਹੋਵੇਗਾ।
ਇਸ ਤੋਂ ਪਹਿਲਾਂ ਛੋਟੇ ਮੋਟੇ ਕੰਮਾਂ ਲਈ ਵੀ ਲੋਕਾਂ ਨੂੰ ਪੰਚਾਂ ਸਰਪੰਚਾਂ ਜਾਂ ਨੰਬਰਦਾਰਾਂ ਦੇ ਪਿੱਛੇ ਪਿੱਛੇ ਫਿਰਨਾ ਪੈਂਦਾ ਸੀ। ਕਈ ਵਾਰ ਕੋਈ ਵੀ ਸਰਪੰਚ ਜਾਂ ਨੰਬਰਦਾਰ ਉਪਲਭਦ ਨਹੀਂ ਹੁੰਦਾ ਸੀ ਅਤੇ ਲੋਕਾਂ ਨੂੰ ਆਪਣੇ ਕੰਮ ਲਈ ਉਡੀਕ ਕਰਨੀ ਪੈਂਦੀ ਸੀ। ਸਰਪੰਚ ਜਾਂ ਨੰਬਰਦਾਰ ਨੂੰ ਵੀ ਦਫਤਰਾਂ ਵਿਚ ਹਾਜਰੀ ਭਰਨੀ ਪੈਂਦੀ ਸੀ। ਕਈ ਵਾਰ ਤਾਂ ਪਿੰਡ ਦੇ ਇਕ ਨੰਬਰਦਾਰ ਨੂੰ ਦਿਨ ਵਿਚ ਕਈ ਵਿਅਕਤੀਆਂ ਨਾਲ ਕਈ ਕਈ ਦਫਤਰਾਂ ਦੇ ਚੱਕਰ ਮਾਰਨੇ ਪੈਂਦੇ ਸਨ। ਇਸ ਲਈ ਹੁਣ ਡਿਜੀਟਲ ਸਿਸਟਮ ਰਾਹੀਂ ਨੰਬਰਦਾਰ ਜਾਂ ਸਰਪੰਚ ਘਰ ਬੈਠਾ ਜਾਂ ਆਪਣੇ ਕੰਮ ਤੋਂ ਜਾਂ ਕਿਤੋਂ ਵੀ ਆਨਲਾਈਨ ਹੀ ਅਰਜੀ ਤਸਦੀਕ ਕਰ ਸਕਦਾ ਹੈ।
ਅਮਨ ਅਰੋੜਾ ਨੇ ਦੱਸਿਆ ਕਿ ਪਟਵਾਰੀਆਂ ਨੂੰ ਵੀ ਇਸ ਸੇਵਾ ਨਾਲ ਜੋੜਿਆ ਜਾ ਚੁੱਕਾ ਹੈ ਅਤੇ ਹੁਣ ਤੱਕ ਪਟਵਾਰੀਆਂ ਵਲੋਂ ਵੀ 8 ਲੱਖ 65 ਹਜਾਰ ਤੋਂ ਵੀ ਵੱਧ ਆਨਲਾਈਨ ਤਸਦੀਕ ਕੀਤੀਆਂ ਜਾ ਚੁੱਕੀਆਂ ਹਨ।
ਡਿਜੀਟਲ ਪ੍ਰੋਜੈਕਟ ਲਾਂਚ ਕਰਨ ਸਮੇਂ ਵਿਸ਼ੇਸ਼ ਮੁੱਖ ਸਕੱਤਰ ਪ੍ਰਸਾਸਨਿਕ ਸੁਧਾਰ ਸਰਵਜੀਤ ਸਿੰਘ, ਡਾਇਰੈਕਟਰ ਗਿਰੀਸ਼ ਦਿਆਲਨ ਅਤੇ ਹੋਰ ਵੱਖ ਵੱਖ ਅਧਿਕਾਰੀਆਂ ਤੋਂ ਇਲਾਵਾ ਪੰਚ, ਸਰਪੰਚ ਤੇ ਨੰਬਰਦਾਰ ਵੀ ਹਾਜਰ ਸਨ।

Scs Hindi

Scs English