ਚੰਡੀਗੜ੍ਹ, 5 ਦਸੰਬਰ : ਪੰਜਾਬ ਵਿਚ ਨਵੇਂ ਆਰਥਿਕ ਵਸੀਲੇ ਪੈਦਾ ਕਰਨ ਅਤੇ ਵਿੱਤੀ ਸਥਿੱਤੀਆਂ ਮਜਬੂਤ ਕਰਨ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਰਕਾਰ ਦੇ ਪ੍ਰਬੰਧਕੀ ਸਕੱਤਰਾਂ ਦੀ ਮੀਟਿੰਗ ਕੀਤੀ। ਪੰਜਾਬ ਭਵਨ ਵਿਖੇ ਹੋਈ ਮੀਟਿੰਗ ਦੌਰਾਨ ਸੀਨੀਅਰ ਆਈ ਏ ਐਸ ਅਧਿਕਾਰੀ ਕ੍ਰਿਸ਼ਨ ਕੁਮਾਰ ਨੂੰ ਵਿੱਤ ਕਮਿਸ਼ਨਰ ਵਜੋਂ ਚੰਗੀਆਂ ਸੇਵਾਵਾਂ ਨਿਭਾਉਣ ਬਦਲੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਦਾਇਤ ਕੀਤੀ ਕਿ ਸਾਰੇ ਵਿਭਾਗਾਂ ਵਿਚ ਮਾਲੀਆ ਵਧਾਉਣ ਲਈ ਸੰਭਾਵਨਾਵਾਂ ਦਾ ਪਤਾ ਲਗਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਕਈ ਵਿਭਾਗ ਅਜੇ ਤੱਕ ਵੀ ਅਣਗੌਲੇ ਪਏ ਹਨ, ਜਿਨ੍ਹਾਂ ਵਿਚ ਬਹੁਤ ਸਾਰੀਆਂ ਸੰਭਾਵਨਾਵਾਂ ਪੈਦਾ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਸਰਵਪੱਖੀ ਵਿਕਾਸ ਲਈ ਮਾਲੀਏ ਦੇ ਸਰੋਤਾਂ ਵਿਚ ਵਾਧਾ ਕਰਨਾ ਬਹੁਤ ਜਰੂਰੀ ਹੈ।
ਵਿੱਤ ਮੰਤਰੀ ਨੇ ਵਿਕਾਸ ਕਾਰਜਾਂ ਲਈ ਜਾਰੀ ਕੀਤੇ ਜਾਂਦੇ ਫੰਡਾਂ ਦੀ ਵਰਤੋਂ ਵਿਚ ਵੀ ਪਾਰਦਰਸ਼ਤਾ ਲਿਆਉਣ ਦੀਆਂ ਹਦਾਇਤਾਂ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਹਰ ਵਿਕਾਸ ਕਾਰਜ ਲਈ ਜਾਰੀ ਕੀਤੇ ਗਏ ਫੰਡਾਂ ਲਈ ਸਮਾਂ ਸੀਮਾਂ ਤੈਅ ਕੀਤੀ ਜਾਣੀ ਚਾਹੀਦੀ ਹੈ ਅਤੇ ਮਿਥੇ ਸਮੇਂ ਵਿਚ ਸਬੰਧਿਤ ਵਿਕਾਸ ਕਾਰਜ ਮੁਕੰਮਲ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਅਧਿਕਾਰੀਆਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਨ੍ਹਾਂ ਯਤਨਾਂ ਸਦਕਾ ਹੀ ਇਸ ਸਾਲ ਜੀ ਐਸ ਟੀ ਦੀ ਕੁਲੈਕਸ਼ਨ ਵਿਚ 62.93 ਪ੍ਰਤੀਸ਼ਤ ਵਾਧਾ ਹੋਇਆ ਹੈ ਅਤੇ ਇਸ ਸਾਲ ਨਵੰਬਰ ਵਿਚ ਹੀ 2477.37 ਕਰੋੜ ਰੁਪਏ ਦਾ ਜੀ ਐਸ ਟੀ ਇਕੱਠ ਕੀਤਾ ਗਿਆ ਹੈ।
ਪੰਜਾਬ ਦੇ ਮੁੱਖ ਸਕੱਤ ਕੇ.ਏ.ਪੀ. ਸਿਨਹਾ ਅਤੇ ਪ੍ਰਮੁੱਖ ਵਿੱਤ ਸਕੱਤਰ ਅਜੋਏ ਕੁਮਾਰ ਸਿਨਹਾ ਨੇ ਵੀ ਮੀਟਿੰਗ ਵਿਚ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਵਿਚ ਮਾਲੀਏ ਦੇ ਸਰੋਤਾਂ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਵੀ ਸਿੱਖਿਆ ਵਿਭਾਗ ਵਿਚ ਅਤੇ ਸੜਕਾਂ ਦੇ ਨਿਰਮਾਣ ਲਈ ਜਾਰੀ ਕੀਤੇ ਜਾਂਦੇ ਫੰਡਾਂ ਦੀ ਸਮੇਂ ਸਿਰ ਵਰਤੋਂ ਯਕੀਨੀ ਬਣਾਉਣ ਦੀ ਲੋੜ ‘ਤੇ ਜੋਰ ਦਿੱਤਾ।