ਅੰਮ੍ਰਿਤਸਰ, 5 ਦਸੰਬਰ : ਪੰਜਾਬ ਪੁਲੀਸ ਨੇ ਅੱਜ ਤਿੰਨ ਨਸ਼ਾ ਸਮਗਲਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜੇ ਵਿਚੋਂ ਪੰਜ ਕਿੱਲੋ ਹੈਰੋਇਨ ਅਤੇ ਚਾਰ ਲੱਖ 45 ਰੁਪਏ ਨਕਦੀ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਪੁਲੀਸ ਨੂੰ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਕਿ ਪਾਕਿਸਤਾਨ ਤੋਂ ਡਰੋਨ ਰਾਹੀਂ ਨਸ਼ਾ ਭੇਜਿਆ ਗਿਆ ਹੈ। ਇਸ ਲਈ ਪੁਲੀਸ ਨੇ ਚੌਕਸੀ ਵਰਤਦਿਆਂ ਜਾਂਚ ਸ਼ੁਰੂ ਕੀਤੀ। ਇਕ ਪੁਲੀਸ ਨਾਕੇ ਦੌਰਾਨ ਕਰਨਦੀਪ ਸਿੰਘ ਅਤੇ ਮਨਿੰਦਰ ਸਿੰਘ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕਰ ਲਿਆ। ਇਸ ਦੌਰਾਨ ਹੀ ਜਦੋਂ ਇਕ ਮੋਟਰ ਸਾਈਕਲ ‘ਤੇ ਸਵਾਰ ਹੁਸਨਪ੍ਰੀਤ ਸਿੰਘ ਹੈਰੋਇਨ ਲੈਣ ਲਈ ਵੀ ਉਥੇ ਹੀ ਪਹੁੰਚ ਗਿਆ ਤਾਂ ਪੁਲੀਸ ਨੇ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ। ਕਰਨਦੀਪ ਸਿੰਘ ਅਤੇ ਮਨਿੰਦਰ ਸਿੰਘ ਨੇ ਇਹ ਹੈਰੋਇਨ ਹਰਪ੍ਰੀਤ ਤੱਕ ਪਹੁੰਚਾਉਣੀ ਸੀ। ਪੁਲੀਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਪਰਚਾ ਦਰਜ ਕਰ ਲਿਆ ਹੈ।