ਚੰਡੀਗੜ੍ਹ, 4 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਮ ਹਾਲਾਤਾਂ ਵਿਚ ਜਾਨ ਗੁਆਉਣ ਵਾਲੇ ਹਥਿਆਰਬੰਦ ਬਲਾਂ ਦੇ ਜਵਾਨਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ 21.50 ਕਰੋੜ ਰੁਪਏ ਦੀ ਐਕਸਗ੍ਰੇਸ਼ੀਆ ਗਰਾਂਟ ਨੂੰ ਮਨਜੂਰੀ ਦੇ ਦਿੱਤੀ ਹੈ।
ਆਪਣੀ ਰਿਹਾਇਸ਼ ਵਿਖੇ ਕੀਤੀ ਗਈ ਇਕ ਮੀਟਿੰਗ ਦੌਰਾਲ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੀ ਸੇਵਾ ਲਈ ਕੁਰਬਾਨੀਆਂ ਕਰਨ ਵਾਲੇ ਜਵਾਨਾਂ ਦੀ ਬਹਾਦਰੀ ਅੱਗੇ ਹਮੇਸ਼ਾਂ ਸਿਰ ਝੁਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਬਹਾਦਰ ਨੌਜਵਾਨਾਂ ਦੇ ਪਰਿਵਾਰਾਂ ਦੀ ਭਲਾਈ ਸਰਕਾਰ ਦਾ ਮੁਢਲਾ ਫਰਜ ਹੈ। ਇਸ ਲਈ ਸਰਕਾਰ ਵਲੋਂ ਉਨ੍ਹਾਂ ਦੀ ਭਲਾਈ ਲਈ ਹਰ ਤਰਾਂ ਦੇ ਯਤਨ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਹਰ ਨੌਜਵਾਨ ਦੇ ਪਰਿਵਾਰ ਨੂੰ 25 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾ ਰਹੀ ਹੈ। ਇਸ ਲਈ ਇਸ ਗ੍ਰਾਂਟ ਵਾਸਤੇ 21.50 ਕਰੋੜ ਰੁਪਏ ਦੀ ਰਾਸ਼ੀ ਨੂੰ ਮਨਜੂਰੀ ਦੇ ਦਿੱਤੀ ਗਈ ਹੈ।
ਮੁੱਖ ਮੰਤਰੀ ਨੇ ਸਰਕਾਰ ਬਣਦਿਆਂ ਹੀ ਬਹਾਦਰ ਜਵਾਨਾਂ ਦੇ ਪਰਿਵਾਰਾਂ ਨੂੰ ਇਕ ਇਕ ਕਰੋੜ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਜਵਾਨਾਂ ਦੀ ਬਹਾਦਰੀ ਅੱਗੇ ਸਰਕਾਰ ਦੀਆਂ ਇਹ ਕੋਸ਼ਿਸ਼ਾਂ ਨਾਮਾਤਰ ਹਨ। ਸ੍ਰੀ ਭਗਵੰਤ ਸਿੰਘ ਮਾਨ ਨੇ ਕਪੂਰਥਲਾ ਦੇ ਸੈਨਿਕ ਸਕੂਲ ਦੀ ਕਾਇਆ ਕਲਪ ਦਾ ਵੀ ਵਾਅਦਾ ਕੀਤਾ ਅਤੇ ਕਿਹਾ ਕਿ 190 ਏਕੜ ਵਿਚ ਫੈਲਿਆ ਇਹ ਸਕੂਲ ਸਾਡੀ ਬਹੁਤ ਹੀ ਖੂਬਸੂਰਤ ਵਿਰਾਸਤ ਹੈ।
ਮੁੱਖ ਮੰਤਰੀ ਨੇ ਹਰ ਜਿਲੇ ਵਿਚ ਜੰਗੀ ਯਾਦਗਾਰਾਂ ਬਣਾਉਣ ਨੂੰ ਵੀ ਪ੍ਰਵਾਨਗੀ ਦਿੱਤੀ। ਇਹ ਜੰਗੀ ਯਾਦਗਾਰਾਂ ਇਕ ਤੋਂ ਡੇਢ ਏਕੜ ਰਕਬੇ ਵਿਚ ਬਣਾਈਆਂ ਜਾਣਗੀਆਂ।