ਨਵੀਂ ਦਿੱਲੀ, 4 ਦਸੰਬਰ : ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੇਂਦਰੀ ਸੜਕ ਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਵਿਚ ਹੋਰ ਚਾਰ ਮਾਰਗੀ ਸੜਕਾਂ ਦੇ ਨਿਰਮਾਣ ਦੀ ਮੰਗ ਕੀਤੀ। ਇਸ ਮੀਟਿੰਗ ਦੌਰਾਨ ਸ੍ਰੀ ਬੈਂਸ ਨੇ ਸ੍ਰੀ ਆਨੰਦਪੁਰ ਸਾਹਿਬ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਕਿਹਾ ਕਿ ਇਸ ਇਲਾਕੇ ਵਿਚ ਸੜਕਾਂ ਦੀ ਹਾਲਤ ਬਹੁਤੀ ਵਧੀਆ ਨਹੀਂ ਹੈ। ਇਤਿਹਾਸਕ ਧਰਤੀ ਸ੍ਰੀ ਕੀਰਤਪੁਰ ਸਾਹਿਬ ਵਿਖੇ ਜਾਣ ਲਈ ਸ਼ਰਧਾਲੂਆਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸ੍ਰੀ ਕੀਰਤਪੁਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਹਿੰਦੂ ਮੱਤ ਦੇ ਸ਼ਕਤੀ ਪੀਠ ਸ੍ਰੀ ਨੈਨਾ ਦੇਵੀ ਨੂੰ ਜੋੜਨ ਲਈ ਚਾਰ ਮਾਰਗੀਆਂ ਸੜਕਾਂ ਦੀ ਲੋੜ ਹੈ, ਤਾਂ ਜੋ ਸ਼ਰਧਾਲੂਆਂ ਨੂੰ ਕੋਈ ਮੁ਼ਸਕਲ ਨਾ ਆਵੇ। ਉਨ੍ਹਾਂ ਨੇ ਦੱਸਿਆ ਕਿ ਇਸ ਚਾਰ ਮਾਰਗੀ ਸੜਕ ਦੀ ਵਿਸਥਾਰ ਵਿਚ ਰਿਪੋਰਟ ਪਹਿਲਾਂ ਹੀ ਤਿਆਰ ਹੋ ਚੁੱਕੀ ਹੈ।
ਸ੍ਰੀ ਬੈਂਸ ਨੇ ਮੰਗ ਕੀਤੀ ਕਿ ਕੀਰਤਪੁਰ ਸਾਹਿਬ ਤੋਂ ਹਿਮਚਾਲ ਪ੍ਰਦੇਸ਼ ਦੇ ਊਨਾ ਜਿਲੇ ਲਈ ਵੀ ਚਾਰ ਮਾਰਗੀ ਸੜਕ ਬਣਾਉਣ ਦੀ ਲੋੜ ਹੈ। ਉਨ੍ਹਾਂ ਨੇ ਲੁਧਿਆਣਾ ਨੂੰ ਹਿਮਾਚਲ ਨਾਲ ਜੋੜਨ ਲਈ ਸ੍ਰੀ ਆਨੰਦਪੁਰ ਸਾਹਿਬ ਤੋਂ ਸ੍ਰੀ ਚਮਕੌਰ ਸਾਹਿਬ ਤੱਕ ਇਕ ਨਵਾਂ ਗ੍ਰੀਨਫੀਲਡ ਐਕਸਪ੍ਰੈਸ ਹਾਈਵੇ ਬਣਾਉਣ ਦੀ ਵੀ ਮੰਗ ਕੀਤੀ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਸ ਸਬੰਧੀ ਭਰੋਸਾ ਦਿਵਾਇਆ ਕਿ ਇਨ੍ਹਾਂ ਸੜਕਾਂ ਦੇ ਨਿਰਮਾਣ ਲਈ ਜਲਦੀ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਮੌਕੇ ਸ੍ਰੀ ਹਰਜੋਤ ਸਿੰਘ ਬੈਂਸ ਦੇ ਨਾਲ ਰਾਜ ਸਭਾ ਮੈਂਬਰ ਸੰਜੀਵ ਆਰੋੜਾ ਵੀ ਹਾਜਰ ਸਨ।