ਮਾਨਸਾ, 4 ਦਸੰਬਰ : ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਭਰਿਸ਼ਟਾਚਾਰ ਖਿਲਾਫ ਆਰੰਭ ਕੀਤੀ ਹੋਈ ਮੁਹਿੰਮ ਤਹਿਤ ਮਾਨਸਾ ਵਿਖੇ ਇਕ ਵਣ ਗਾਰਡ ਮਨਪ੍ਰੀਤ ਸਿੰਘ ਨੂੰ 2500 ਰੁਪਏ ਰਿਸ਼ਵਤ ਵਜੋਂ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮਾਨਸਾ ਦੇ ਖੋਖਰ ਰੋਡ ਦੇ ਵਾਸੀ ਗੁਰਪ੍ਰੀਤ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਮਸ਼ੀਨੀ ਰੇਹੜੀ ਚਲਾ ਕੇ ਆਪਣਾ ਗੁਜ਼ਾਰਾ ਕਰਦਾ ਹੈ। ਇਸ ਦੌਰਾਨ ਉਸ ਨੂੰ ਸੜਕ ਦੇ ਕਿਨਾਰੇ ਇਕ ਲੱਕੜ ਦਾ ਟੋਟਾ ਦਿਸਿਆ ਤਾਂ ਉਸ ਨੇ ਚੁੱਕ ਕੇ ਰੇਹੜੀ ‘ਤੇ ਲੱਦ ਲਿਆ। ਜਦੋਂ ਉਹ ਰਸਤੇ ਵਿਚ ਜਾ ਰਿਹਾ ਸੀ ਤਾਂ ਵਣ ਗਾਰਡ ਮਨਪ੍ਰੀਤ ਸਿੰਘ ਨੇ ਉਸ ਨੂੰ ਰੋਕ ਲਿਆ ਅਤੇ ਉਸ ਨੂੰ ਲੱਕੜ ਚੋਰੀ ਕਰਨ ਦੇ ਦੋਸ਼ ਵਿਚ ਜੁਰਮਾਨਾ ਲਾਉਣ ਦੀ ਧਮਕੀ ਦਿੱਤੀ। ਜਦੋਂ ਉਸ ਨੇ ਮਿਨਤ ਤਰਲਾ ਕੀਤਾ ਤਾਂ ਮਨਪ੍ਰੀਤ ਸਿੰਘ ਨੇ ਚਾਰ ਹਜਾਰ ਰੁਪਏ ਦੀ ਮੰਗ ਕੀਤੀ। ਉਸ ਨੇ 1400 ਰੁਪਏ ਤਾਂ ਦੇ ਦਿੱਤਾ ਅਤੇ ਬਾਕੀ ਪੈਸੇ ਬਾਅਦ ਵਿਚ ਦੇਣ ਦਾ ਵਾਅਦਾ ਕਰ ਲਿਆ। ਹੁਣ ਮਨਪ੍ਰੀਤ ਸਿੰਘ ਉਸ ਪਾਸੋਂ ਬਾਕੀ ਪੈਸੇ ਮੰਗ ਰਿਹਾ ਹੈ। ਵਿਜੀਲੈਂਸ ਦੀ ਟੀਮ ਨੇ ਆਪਣਾ ਜਾਲ ਵਿਛਾ ਕੇ ਜੰਗਲਾਤ ਵਿਭਾਗ ਦੇ ਵਣ ਗਾਰਡ ਮਨਪ੍ਰੀਤ ਸਿੰਘ ਨੂੰ 1100 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਵਿਜੀਲੈਂਸ ਥਾਣਾ ਬਠਿੰਡਾ ਵਿਚ ਪਰਚਾ ਦਰਜ ਕਰ ਲਿਆ ਹੈ।