ਫਿਰੋਜ਼ਪੁਰ, 5 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ ਹੁਸੈਨੀਵਾਲਾ ਬਾਰਡਰ ਨੂੰ ਅਧੁਨਿਕ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ। ਭਾਰਤ ਪਾਕਿਸਤਾਨ ਸਰਹੱਦ ‘ਤੇ ਹੁੰਦੀ ਰੀਟਰੀਟ ਸਰੇਮਨੀ ਵਿਚ ਸ਼ਾਮਲ ਹੋਏ ਮੁੱਖ ਮੰਤਰੀ ਨੇ ਅੱਜ ਇਸ ਇਤਿਹਾਸਕ ਸਥਾਨ ਨੂੰ ਦੁਨੀਆਂ ਲਈ ਅਕ੍ਰਸ਼ਿਤ ਸਥਾਨ ਬਣਾਉਣ ਦੀ ਇੱਛਾ ਪ੍ਰਗਟ ਕੀਤੀ।
ਮੁੱਖ ਮੰਤਰੀ ਨੇ ਸ਼ਹੀਦਾਂ ਦੀ ਧਰਤੀ ਨੂੰ ਆਮ ਲੋਕਾਂ ਲਈ ਅਕ੍ਰਸਿਤ ਦਿੱਖ ਪ੍ਰਦਾਨ ਕਰਨ ਲਈ ਅਧਿਕਾਰੀਆਂ ਨੂੰ ਕਿਹਾ ਕਿ ਇਸ ਜਗ੍ਹਾ ਨੂੰ ਸੈਰ ਸਪਾਟੇ ਲਈ ਵਿਕਸਤ ਕੀਤਾ ਜਾਵੇ। ਇਸ ਮੌਕੇ ਮੁੱਖ ਮੰਤਰੀ ਨੇ ਬੀ.ਐਸ.ਐਫ. ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਇਸ ਸਥਾਨ ਦੀ ਸੁੰਦਰਤਾ ਨੂੰ ਹੋਰ ਵਧਾਉਣ ਲਈ ਯਤਨ ਕਰਨ ਲਈ ਕਿਹਾ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਸ ਅਸਥਾਨ ਨੂੰ ਅਤਿ ਅਧੁਨਿਕ ਢੰਗ ਨਾਲ ਵਿਕਸਤ ਕੀਤਾ ਜਾਵੇਗਾ ਤਾਂ ਜੋ ਦੂਰ ਦੂਰ ਤੋਂ ਵੱਧ ਤੋਂ ਵੱਧ ਸੈਲਾਨੀ ਇਥੇ ਆਉਣ ਅਤੇ ਸ਼ਹੀਦ ਭਗਤ ਸਿੰਘ ਦੀ ਸੋਚ ਤੋਂ ਪ੍ਰੇਰਨਾ ਲੈਣ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਰੀਟਰੀਟ ਸਰੇਮਨੀ ਦੇਖਣ ਲਈ ਵਾਹਗਾ ਸਰਹੱਦ ‘ਤੇ ਤਾਂ ਬਹੁਤ ਲੋਕ ਜਾਂਦੇ ਹਨ, ਪਰ ਇਸਦੇ ਮੁਕਾਬਲੇ ਹੁਸੈਨੀਵਾਲਾ ਅਤੇ ਸੁਲੇਮਾਨਕੀ ਵਿਖੇ ਸੈਲਾਨੀਆਂ ਦੀ ਆਮਦ ਘੱਟ ਹੈ। ਇਸ ਲਈ ਇਨ੍ਹਾਂ ਸਥਾਨਾਂ ਨੂੰ ਵੀ ਹੋਰ ਦਿਲਖਿੱਚ ਬਣਾਉਣਾ ਚਾਹੀਦਾ ਹੈ।
ਹੁਸੈਨੀਵਾਲਾ ਵਿਖੇ ਇਕ ਅਜਾਇਬ ਘਰ ਵੀ ਸਥਿੱਤ ਹੈ, ਜਿਥੇ ਉਹ ਪਿਸਤੌਲ ਵੀ ਰੱਖਿਆ ਹੋਇਆ ਹੈ ਜਿਸ ਨਾਲ ਭਗਤ ਸਿੰਘ ਨੇ ਸਾਂਡਰਸ ਨੂੰ ਗੋਲੀ ਮਾਰੀ ਸੀ। ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨਾਲ ਜੁੜੇ ਹੋਏ ਇਸ ਅਸਥਾਨ ਨੂੰ ਦੁਨੀਆਂ ਭਰ ਵਿਚ ਅਕ੍ਰਸ਼ਿਤ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਯਤਨ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਹੀਦਾਂ ਦੀ ਵਿਰਾਸਤ ਸਾਂਭਣ ਲਈ ਯਤਨ ਸ਼ੁਰੂ ਕੀਤੇ ਗਏ ਹਨ। ਇਸ ਤੋਂ ਪਹਿਲਾਂ ਮੋਹਾਲੀ ਦੇ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ‘ਤੇ ਰੱਖਿਆ ਗਿਆ ਹੈ ਅਤੇ ਏਅਰਪੋਰਟ ‘ਤੇ ਸ਼ਹੀਦ ਭਗਤ ਸਿੰਘ ਦਾ 30 ਫੁੱਟ ਉੱਚਾ ਬੁੱਤ ਵੀ ਲਗਾਇਆ ਗਿਆ ਹੈ।