
ਜਲੰਧਰ, 15 ਜਨਵਰੀ : ਜਲੰਧਰ ‘ਚ ਬੁੱਧਵਾਰ ਸਵੇਰੇ ਸੀਆਈਏ ਸਟਾਫ ਅਤੇ ਲੌਰੈਂਸ ਦੇ ਗੁਰਗਿਆਂ ਵਿਚਕਾਰ ਮੁਕਾਬਲਾ ਹੋਇਆ ਅਤੇ ਵਡਾਲਾ ਚੌਕ ਦੇ ਕੋਲ ਬਦਮਾਸ਼ਾਂ ਨੇ ਲੁਕ ਕੇ ਪੁਲਿਸ ‘ਤੇ ਫਾਇਰਿੰਗ ਕੀਤੀ। ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਗੋਲੀਆਂ ਚਲਾਈਆਂ ਤਾਂ ਇੱਕ ਬਦਮਾਸ਼ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ। ਦੂਜਾ ਬਦਮਾਸ਼ ਭੱਜਣ ਲੱਗਾ ਤਾਂ ਟੀਮ ਨੇ ਪਿੱਛਾ ਕਰਕੇ ਉਸਨੂੰ ਕਾਬੂ ਕਰ ਲਿਆ। ਇਨ੍ਹਾਂ ਦਾ ਇੱਕ ਸਾਥੀ ਮੁਠਭੇੜ ਤੋਂ ਪਹਿਲਾਂ ਹੀ ਫਰਾਰ ਹੋ ਗਿਆ। ਦੋਵਾਂ ਬਦਮਾਸ਼ਾਂ ਨੂੰ ਇਲਾਜ ਲਈ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਸ਼ੁਰੂਆਤੀ ਜਾਂਚ ‘ਚ ਪਤਾ ਲੱਗਿਆ ਹੈ ਕਿ ਦੋਸ਼ੀ ਜਲੰਧਰ ‘ਚ ਕਿਸੇ ਵੱਡੀ ਵਾਰਦਾਤ ਦੀ ਯੋਜਨਾ ਬਣਾ ਰਹੇ ਸਨ। ਇਹ ਲੌਰੈਂਸ ਦੇ ਸਾਥੀ ਗੋਲਡੀ ਬਰਾੜ ਦੇ ਸੰਪਰਕ ‘ਚ ਸਨ। ਉਸਦੇ ਕਹਿਣ ‘ਤੇ ਲੋਕਾਂ ਨੂੰ ਫਿਰੌਤੀ ਲਈ ਕਾਲ ਕਰਦੇ ਸਨ।
ਡੀਜੀਪੀ ਗੌਰਵ ਯਾਦਵ ਨੇ X ‘ਤੇ ਲਿਖਿਆ – ‘ਦੋਸ਼ੀਆਂ ਨੂੰ ਫੜਨ ਨਾਲ ਨਸ਼ੀਲੇ ਪਦਾਰਥਾਂ ਦੀ ਤਸਕਰੀ, ਹਥਿਆਰਾਂ ਦੇ ਵਪਾਰ ਅਤੇ ਜਬਰਨ ਵਸੂਲੀ ਦੇ ਰੈਕਟ ‘ਚ ਸ਼ਾਮਲ ਗੈਂਗ ਦੇ ਅਪਰਾਧਿਕ ਨੈੱਟਵਰਕ ਨੂੰ ਕਰਾਰਾ ਝਟਕਾ ਲੱਗਿਆ ਹੈ।’
ਪੁਲਿਸ ਦੇ ਮੁਤਾਬਕ ਬੁੱਧਵਾਰ ਸਵੇਰੇ ਸੀਆਈਏ ਸਟਾਫ ਨੂੰ ਸੂਚਨਾ ਮਿਲੀ ਸੀ ਕਿ ਲੌਰੈਂਸ ਗੈਂਗ ਨਾਲ ਜੁੜੇ ਹੋਏ ਕੁਝ ਲੋਕ ਮੋਗਾ ਤੋਂ ਜਲੰਧਰ ਵੱਲ ਆ ਰਹੇ ਹਨ। ਸੂਚਨਾ ਮਿਲਦੇ ਹੀ ਟੀਮ ਮੌਕੇ ‘ਤੇ ਪਹੁੰਚੀ। ਬਦਮਾਸ਼ ਆਈ-20 ਕਾਰ ‘ਚ ਸਵਾਰ ਸਨ। ਟੀਮ ਨੇ 4 ਕਿਲੋਮੀਟਰ ਤੱਕ ਉਨ੍ਹਾਂ ਦਾ ਪਿੱਛਾ ਕੀਤਾ। ਵਡਾਲਾ ਚੌਕ ਦੇ ਕੋਲ ਬਦਮਾਸ਼ਾਂ ਨੇ ਲੁਕ ਕੇ ਟੀਮ ‘ਤੇ ਫਾਇਰਿੰਗ ਕੀਤੀ। ਇੱਕ ਤੋਂ ਬਾਅਦ ਇੱਕ 5 ਰਾਊਂਡ ਗੋਲੀਆਂ ਚਲਾਈਆਂ।
ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਫਾਇਰਿੰਗ ਕਰਨੀ ਸ਼ੁਰੂ ਕੀਤੀ। ਇਸ ਤੋਂ ਬਾਅਦ ਇੱਕ ਬਦਮਾਸ਼ ਨੂੰ ਪੈਰ ‘ਚ ਗੋਲੀ ਲੱਗੀ ਅਤੇ ਉਹ ਉੱਥੇ ਹੀ ਡਿੱਗ ਗਿਆ। ਇੱਕ ਬਦਮਾਸ਼ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਟੀਮ ਨੇ ਪਿੱਛਾ ਕਰਕੇ ਉਸਨੂੰ ਵੀ ਫੜ ਲਿਆ। ਬਦਮਾਸ਼ਾਂ ਤੋਂ 4 ਨਾਜਾਇਜ਼ ਹਥਿਆਰ ਬਰਾਮਦ ਕੀਤੇ ਗਏ ਹਨ।
ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਨ੍ਹਾਂ ਦੇ ਨਾਲ ਤੀਜਾ ਵੀ ਸੀ, ਜੋ ਮੁਠਭੇੜ ਹੋਣ ਤੋਂ ਪਹਿਲਾਂ ਹੀ ਭੱਜ ਗਿਆ। ਸੂਚਨਾ ਮਿਲਦੇ ਹੀ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਆਸਪਾਸ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ।
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ – ਪੁਲਿਸ ਨੇ ਬਦਮਾਸ਼ਾਂ ਦਾ 2 ਘੰਟੇ ਤੱਕ ਪਿੱਛਾ ਕੀਤਾ। ਐਨਕਾਊਂਟਰ ‘ਚ ਜ਼ਖਮੀ ਹੋਏ ਦੋਵਾਂ ਦੋਸ਼ੀਆਂ ‘ਤੇ 6 ਐਫਆਈਆਰ ਦਰਜ ਹਨ। ਜਿਸ ‘ਚ ਕਤਲ, ਫਿਰੌਤੀ ਸਮੇਤ ਕਈ ਸੰਗੀਨ ਮਾਮਲੇ ਸ਼ਾਮਲ ਹਨ। ਵਾਰਦਾਤ ‘ਚ ਜ਼ਖਮੀ ਹੋਏ ਦੋਸ਼ੀਆਂ ਦੀ ਪਛਾਣ ਕਪੂਰਥਲਾ ਦੇ ਰਹਿਣ ਵਾਲੇ ਬਲਰਾਜ ਅਤੇ ਜਲੰਧਰ ਦੇ ਜੰਡਿਆਲਾ ਪਿੰਡ ਦੇ ਰਹਿਣ ਵਾਲੇ ਪਵਨ ਦੇ ਰੂਪ ‘ਚ ਹੋਈ ਹੈ। ਦੋਵੇਂ ਪੁਲਿਸ ਹਿਰਾਸਤ ‘ਚ ਹਨ।
ਦੋਵੇਂ ਗੋਲਡੀ ਬਰਾੜ ਦੇ ਸੰਪਰਕ ਵਿੱਚ ਸਨ। ਬਰਾੜ ਦੇ ਕਹਿਣ ‘ਤੇ ਉਹ ਫਿਰੌਤੀ ਦੀਆਂ ਕਾਲਾਂ ਕਰਦੇ ਸਨ। ਗੋਲਡੀ ਬਰਾੜ ਦੇ ਨਿਰਦੇਸ਼ਾਂ ‘ਤੇ ਉਸ ਨੇ ਵਿਰੋਧੀ ਗਰੋਹ ਦੇ ਕਾਰਕੁਨਾਂ ਨੂੰ ਵੀ ਨਿਸ਼ਾਨਾ ਬਣਾਇਆ। ਗੋਲਡੀ ਦੇ ਕਹਿਣ ‘ਤੇ ਉਸ ਨੇ ਪੰਜਾਬ ‘ਚ ਕਈ ਵਾਰਦਾਤਾਂ ਕੀਤੀਆਂ ਸਨ, ਇਨ੍ਹਾਂ ਦਾ ਪਤਾ ਲੱਗਾ ਹੈ। ਇਕ ਦੋਸ਼ੀ 10 ਮਹੀਨੇ ਪਹਿਲਾਂ ਅਤੇ ਦੂਜਾ 6 ਮਹੀਨੇ ਪਹਿਲਾਂ ਜੇਲ ਤੋਂ ਬਾਹਰ ਆਇਆ ਸੀ।