
ਅੰਮ੍ਰਿਤਸਰ, 15 ਜਨਵਰੀ : ਵਿਜੀਲੈਂਸ ਬਿਊਰੋ ਨੇ ਹਲਕਾ ਚੌਗਾਵਾਂ ਵਿਖੇ ਤਾਇਨਾਤ ਇਕ ਪਟਵਾਰੀ ਹਰਸਿਮਰਤਜੀਤ ਸਿੰਘ ਨੂੰ 20 ਹਜਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਤਹਿਸੀਲ ਲੋਪੋਕੇ ਦੇ ਪਿੰਡ ਕੋਹਾਲਾ ਦੇ ਵਾਸੀ ਸਰਮੇਲ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦੀ ਜ਼ਮੀਨ ਦੀ ਜ਼ਮਾਂਬੰਦੀ ਵਿਚ ਕੀਤੀ ਗਈ ਗੜਬੜੀ ਨੂੰ ਠੀਕ ਕਰਨ ਲਈ ਪਟਵਾਰੀ ਹਰਸਿਮਰਤਜੀਤ ਸਿੰਘ ਵਲੋਂ 20 ਹਜਾਰ ਰੁਪਏ ਰਿਸ਼ਵਤ ਮੰਗੀ ਜਾ ਰਹੀ ਹੈ। ਵਿਜੀਲੈਂਸ ਵਲੋਂ ਮੁਢਲੀ ਜਾਂਚ ਕਰਨ ਪਿਛੋ਼ ਆਪਣਾ ਜਾਲ ਵਿਛਾਇਆ ਅਤੇ ਪਟਵਾਰੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਵਿਜੀਲੈਂਸ ਬਿਊਰੋ ਥਾਣਾ ਅੰਮ੍ਰਿਤਸਰ ਵਿਖੇ ਪਰਚਾ ਦਰਜ ਕਰ ਲਿਆ ਗਿਆ ਹੈ।