Thursday, June 19Malwa News
Shadow

200 ਰੁਪਏ ਦੇ ਰੰਗ ਲੱਗੇ ਨੋਟ ਨੇ ਭਰ ਦਿੱਤੇ ਜ਼ਿੰਦਗੀ ਵਿਚ ਰੰਗ

ਫਾਜ਼ਿਲਕਾ, 13 ਜਨਵਰੀ : ਇਕ ਰੰਗ ਲੱਗੇ ਹੋਏ 200 ਰੁਪਏ ਦੇ ਨੋਟ ਨੇ ਇਕ ਵਿਅਕਤੀ ਦੀ ਜ਼ਿੰਦਗੀ ਵਿਚ ਰੰਗ ਭਰ ਦਿੱਤੇ, ਪਰ ਇਹ ਨੋਟ ਲੈਣ ਲਈ ਕੋਈ ਦੁਕਾਨਦਾਰ ਵੀ ਤਿਆਰ ਨਹੀਂ ਸੀ। ਹਰ ਕੋਈ ਇਹ ਨੋਟ ਲੈਣ ਤੋਂ ਇਨਕਾਰ ਕਰ ਦਿੰਦਾ ਸੀ। ਆਖਰ ਇਸ ਰੰਗ ਲੱਗੇ ਨੋਟ ਨੇ ਅਜਿਹੇ ਰੰਗ ਦਿਖਾਏ ਕਿ ਸਾਰੇ ਹੈਰਾਨ ਹੋ ਗਏ।
ਇਹ ਕਹਾਣੀ ਹੈ ਫਾਜ਼ਿਲਕਾ ਦੇ ਇਕ ਪੈਟਰੋਲ ਪੰਪ ‘ਤੇ ਕੰਮ ਕਰਦੇ ਰਮੇਸ਼ ਸਿੰਘ ਨਾਂ ਦੇ ਵਿਅਕਤੀ ਦੀ। ਇਕ ਦਿਨ ਕੋਈ ਵਿਅਕਤੀ ਉਸ ਤੋਂ 200 ਰੁਪਏ ਦਾ ਪੈਟਰੋਲ ਪੁਆ ਕੇ 200 ਰੁਪਏ ਦਾ ਨੋਟ ਦੇ ਗਿਆ। ਇਹ ਨੋਟ ਰੰਗ ਲੱਗਿਆ ਹੋਣ ਕਾਰਨ ਪੰਪ ਦੇ ਮਾਲਕਾਂ ਨੇ ਵੀ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਫਿਰ ਰਮੇਸ਼ ਸਿੰਘ ਨੇ ਮਾਰਕੀਟ ਵਿਚ ਘਰ ਦਾ ਸਮਾਨ ਲੈਣ ਲਈ ਕਈ ਦੁਕਾਨਦਾਰਾਂ ਨੂੰ ਇਹ ਨੋਟ ਦੇਣ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਵੀ ਦੁਕਾਨਦਾਰ ਨੇ ਇਹ ਨੋਟ ਨਾ ਲਿਆ। ਅਚਾਨਕ ਰਮੇਸ਼ ਸਿੰਘ ਦੀ ਨਜ਼ਰ ਲਾਟਰੀ ਵਾਲੀ ਸਟਾਲ ‘ਤੇ ਪਈ, ਜਿਥੇ ਲਿਖਿਆ ਹੋਇਆ ਸੀ ਕਿ ਇਥੇ ਫਟੇ ਪੁਰਾਣੇ ਨੋਟ ਬਦਲੇ ਜਾਂਦੇ ਹਨ। ਇਸ ਲਈ ਰਮੇਸ਼ ਕੁਮਾਰ ਲਾਟਰੀ ਵਾਲੀ ਦੁਕਾਨ ‘ਤੇ ਪਹੁੰਚ ਗਿਆ। ਦੁਕਾਨਦਾਰ ਰੰਗ ਲੱਗੇ ਨੋਟ ਬਦਲੇ ਘੱਟ ਪੈਸੇ ਦੇ ਰਿਹਾ ਸੀ। ਫਿਰ ਰਮੇਸ਼ ਕੁਮਾਰ ਨੇ ਸੋਚਿਆ ਕਿ ਦੋ ਸੌ ਰੁਪਏ ਦੀ ਲਾਟਰੀ ਪਾ ਦਿੰਦਾ ਹਾਂ। ਦੁਕਾਨਦਾਰ ਨੇ 200 ਰੁਪਏ ਦੀ ਲਾਟਰੀ ਲਈ ਰੰਗ ਲੱਗਿਆ ਨੋਟ ਲੈਣ ਦਾ ਹੁੰਗਾਰਾ ਭਰ ਦਿੱਤਾ। ਇਸ ਲਈ ਰਮੇਸ਼ ਨੇ 200 ਰੁਪਏ ਦੀ ਲਾਟਰੀ ਦੀ ਟਿਕਟ ਖਰੀਦ ਲਈ। ਕੁਦਰਤ ਨੇ ਅਜਿਹਾ ਸਾਥ ਦਿੱਤਾ ਕਿ ਰਮੇਸ਼ ਨੂੰ 90 ਹਜਾਰ ਰੁਪਏ ਦੀ ਲਾਟਰੀ ਨਿਕਲ ਆਈ। ਰਮੇਸ਼ ਦੇ ਘਰ ਦੇ ਹਾਲਾਤ ਬਹੁਤੇ ਵਧੀਆ ਨਹੀਂ ਸਨ ਅਤੇ ਉਸ ਦੇ ਸਿਰ 50–60 ਹਜਾਰ ਰੁਪਏ ਦਾ ਕਰਜਾ ਵੀ ਸੀ। ਲਾਟਰੀ ਨਿਕਲਣ ਨਾਲ ਉਸਦਾ ਕਰਜਾ ਵੀ ਉੱਤਰ ਗਿਆ ਅਤੇ ਉਹ ਹੌਸਲੇ ਵਿਚ ਹੋ ਗਿਆ। ਇਸ ਤਰਾਂ ਰੰਗ ਲੱਗੇ ਹੋਏ 200 ਰੁਪਏ ਦੇ ਨੋਟ ਨੇ ਰਮੇਸ਼ ਸਿੰਘ ਦੀ ਜ਼ਿੰਦਗੀ ਵਿਚ ਮੁੜ ਰੰਗ ਭਰ ਦਿੱਤੇ।

Basmati Rice Advertisment