Monday, November 4Malwa News
Shadow

ਅਰਬਾਂਪਤੀ ਲੋਕ ਹਨ ਪੰਜਾਬ ‘ਚ ਚੋਣਾ ਲੜ ਰਹੇ ਉਮੀਦਵਾਰ : ਦੇਖੋ ਕੌਣ ਹੈ ਸਭ ਤੋਂ ਅਮੀਰ?

ਚੰਡੀਗੜ੍ਹ 26 ਅਕਤੂਬਰ : ਪੰਜਾਬ ਵਿੱਚ 4 ਸੀਟਾਂ ਲਈ ਉਪ-ਚੋਣਾਂ ਵਾਸਤੇ ਨਾਮਜ਼ਦਗੀ ਦਾਖਲ ਕਰਨ ਦੀ ਪ੍ਰਕਿਰਿਆ ਸ਼ੁੱਕਰਵਾਰ ਨੂੰ ਖਤਮ ਹੋ ਗਈ ਹੈ। ਸ਼ੁੱਕਰਵਾਰ ਤੱਕ 60 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ ਹਨ। ਅਕਾਲੀ ਦਲ ਦੇ ਚੋਣਾਂ ਨਾ ਲੜਨ ਦੇ ਐਲਾਨ ਤੋਂ ਬਾਅਦ ਪੰਜਾਬ ਵਿੱਚ 3 ਮੁੱਖ ਪਾਰਟੀਆਂ 4 ਸੀਟਾਂ ‘ਤੇ ਉਮੀਦਵਾਰ ਉਤਾਰ ਚੁੱਕੀਆਂ ਹਨ। ਆਓ ਦੇਖਦੇ ਹਾਂ ਇਨ੍ਹਾਂ ਵਿਚੋਂ ਕਿਹੜੇ ਉਮੀਦਵਾਰ ਕਿੰਨੇ ਅਮੀਰ ਹਨ। ਸਾਰੇ ਉਮੀਦਵਾਰਾਂ ਵਿਚੋਂ ਭਾਜਪਾ ਦੇ ਉਮੀਦਵਾਰ ਕੇਵਲ ਢਿੱਲੋਂ ਸਭ ਤੋਂ ਅਮੀਰ ਹਨ, ਜਿਨ੍ਹਾਂ ਕੋਲ ਲੱਖਾਂ ਰੁਪਏ ਦੀਆਂ ਘੜੀਆਂ ਅਤੇ ਕਰੋੜਾਂ ਰੁਪਏ ਦਾ ਸੋਨਾ ਹੈ, ਪਰ ਫਿਰ ਵੀ ਉਨ੍ਹਾਂ ਨੇ ਆਪਣੀ ਕਾਰ ਨਹੀਂ ਰੱਖੀ।
3 ਪਾਰਟੀਆਂ ਦੇ 12 ਉਮੀਦਵਾਰਾਂ ਨੇ ਆਪਣੇ ਹਲਫ਼ਨਾਮੇ ਦਾਖਲ ਕੀਤੇ ਹਨ। ਇਨ੍ਹਾਂ ਵਿੱਚ 3 ਅਜਿਹੇ ਉਮੀਦਵਾਰ ਹਨ, ਜਿਨ੍ਹਾਂ ਖ਼ਿਲਾਫ਼ ਫੌਜਦਾਰੀ ਕੇਸ ਦਰਜ ਹਨ। ਇਨ੍ਹਾਂ ਵਿੱਚ ਭਾਜਪਾ ਦੇ ਰਵਿ ਕਰਨ ਸਿੰਘ ਕਾਹਲੋਂ, ਮਨਪ੍ਰੀਤ ਬਾਦਲ ਅਤੇ ‘ਆਪ’ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਸ਼ਾਮਲ ਹਨ। ਇਨ੍ਹਾਂ ਸਾਰਿਆਂ ਦੇ ਕੇਸਾਂ ਦੀ ਸੁਣਵਾਈ ਅਦਾਲਤ ਵਿੱਚ ਚੱਲ ਰਹੀ ਹੈ।
2 ਅਜਿਹੇ ਉਮੀਦਵਾਰ ਹਨ, ਜਿਨ੍ਹਾਂ ਨੂੰ ਹਥਿਆਰਾਂ ਦਾ ਸ਼ੌਕ ਹੈ। ਇਹ ਹਥਿਆਰ ਉਨ੍ਹਾਂ ਨੇ ਆਪਣੀ ਸੁਰੱਖਿਆ ਲਈ ਰੱਖੇ ਹੋਏ ਹਨ। ਦੋਵੇਂ ਹੀ ਉਮੀਦਵਾਰ ‘ਆਪ’ ਦੇ ਹਨ। ਇਨ੍ਹਾਂ ਵਿੱਚ ਬਰਨਾਲਾ ਤੋਂ ਹਰਿੰਦਰ ਸਿੰਘ ਅਤੇ ਗਿੱਦੜਬਾਹਾ ਤੋਂ ਡਿੰਪੀ ਢਿੱਲੋਂ ਸ਼ਾਮਲ ਹਨ। ਦੋਵਾਂ ਕੋਲ ਇੱਕ-ਇੱਕ ਪਿਸਤੌਲ ਹੈ।
ਕਾਂਗਰਸ ਨੇ 2 ਔਰਤਾਂ ਨੂੰ ਟਿਕਟ ਦਿੱਤੀ ਹੈ। ਸਾਂਸਦ ਸੁਖਜਿੰਦਰ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਨੂੰ ਡੇਰਾ ਬਾਬਾ ਨਾਨਕ ਅਤੇ ਲੁਧਿਆਣਾ ਤੋਂ ਸਾਂਸਦ ਅਮਰਿੰਦਰ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਗਿੱਦੜਬਾਹਾ ਤੋਂ ਟਿਕਟ ਦਿੱਤੀ ਗਈ ਹੈ। ਦੋਵੇਂ ਹੀ ਔਰਤਾਂ ਦਾ ਆਪਣਾ ਵੱਡਾ ਬਿਜਨਸ ਹੈ। ਅੰਮ੍ਰਿਤਾ ਵੜਿੰਗ 4.57 ਕਰੋੜ ਦੀ ਅਚੱਲ ਜਾਇਦਾਦ ਦੀ ਮਾਲਕ ਹੈ। ਅੰਮ੍ਰਿਤਾ ਦੀ ਸਾਲਾਨਾ ਆਮਦਨ ਉਨ੍ਹਾਂ ਦੇ ਪਤੀ ਰਾਜਾ ਵੜਿੰਗ ਤੋਂ ਵੀ ਵੱਧ ਹੈ। ਉੱਥੇ ਹੀ ਜਤਿੰਦਰ ਕੌਰ ਦੇ ਨਾਂ ‘ਤੇ ਵੀ 2.10 ਕਰੋੜ ਦੀ ਜਾਇਦਾਦ ਹੈ।
ਵਿਧਾਨ ਸਭਾ ਹਲਕਾ ਬਰਨਾਲਾ ਤੋਂ ਭਾਜਪਾ ਦੇ ਉਮੀਦਵਾਰ ਕੇਵਲ ਢਿੱਲੋਂ ਸਭ ਤੋਂ ਅਮੀਰ ਉਮੀਦਵਾਰ ਹਨ। ਪੇਸ਼ੇ ਤੋਂ ਉਹ ਕਾਰੋਬਾਰੀ ਹਨ, ਉਨ੍ਹਾਂ ਕੋਲ 35.77 ਕਰੋੜ ਦੀ ਅਚੱਲ ਜਾਇਦਾਦ ਹੈ, ਪਰ ਉਨ੍ਹਾਂ ਦੀ ਪਤਨੀ ਉਨ੍ਹਾਂ ਤੋਂ ਵੀ ਵੱਧ ਅਮੀਰ ਹੈ। ਉਨ੍ਹਾਂ ਕੋਲ 120 ਕਰੋੜ ਰੁਪਏ ਦੀ ਜਾਇਦਾਦ ਹੈ। ਇਨ੍ਹਾਂ ਦੇ ਪਰਿਵਾਰ ਦੀ ਜਾਇਦਾਦ ਭਾਰਤ ਵਿੱਚ ਹੀ ਨਹੀਂ ਬਲਕਿ UAE ਅਤੇ ਸਪੇਨ ਵਿੱਚ ਵੀ ਹੈ। ਉਨ੍ਹਾਂ ਕੋਲ 1.31 ਕਰੋੜ ਦੇ ਸੋਨੇ ਦੇ ਗਹਿਣੇ ਹਨ। ਇਸ ਤੋਂ ਇਲਾਵਾ 3.82 ਲੱਖ ਦੇ ਹੀਰੇ ਵੀ ਹਨ। ਸਭ ਤੋਂ ਅਹਿਮ ਉਨ੍ਹਾਂ ਕੋਲ 10.52 ਲੱਖ ਦੀਆਂ ਘੜੀਆਂ ਦਾ ਕਲੈਕਸ਼ਨ ਹੈ। ਕਰੋੜਾਂ ਦੇ ਮਾਲਕ ਹੋਣ ਦੇ ਬਾਵਜੂਦ ਵੀ ਇਨ੍ਹਾਂ ਕੋਲ ਆਪਣੀ ਕਾਰ ਨਹੀਂ ਹੈ।