
ਮੁੰਬਈ 26 ਅਕਤੂਬਰ : ਬਾਬਾ ਸਿੱਧੀਕੀ ਕਤਲ ਮਾਮਲੇ ਵਿਚ ਪੰਜਾਬ ਪੁਲੀਸ ਨੇ ਮੁੰਬਈ ਪੁਲੀਸ ਦੀ ਸਹਾਇਤਾ ਨਾਲ ਇਕ ਹੋਰ ਕਥਿਤ ਦੋਸ਼ੀ ਸੁਜੀਤ ਸੁਸ਼ੀਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸੁਸ਼ੀਲ ਸਿੰਘ ਦੀ ਇਸ ਕਤਲ ਦੀ ਸਾਜਿਸ਼ ਦੇ ਮਾਮਲੇ ਵਿਚ ਮੁੱਖ ਭੂਮਿਕਾ ਸੀ।
ਕੁੱਝ ਦਿਨ ਪਹਿਲਾਂ ਮੁੰਬਈ ਵਿਚ ਲਾਰੈਂਸ ਬਿਸ਼ਨੋਈ ਗੈਂਗ ਵਲੋਂ ਕੀਤੀ ਗਈ ਬਾਬਾ ਸਿੱਧੀਕੀ ਦੀ ਹੱਤਿਆ ਦੇ ਮਾਮਲੇ ਵਿਚ ਪੰਜਾਬ ਦੇ ਕਈ ਗੈਂਗਸਟਰਾਂ ਦਾ ਨਾਮ ਸਾਹਮਣੇ ਆਉਣ ਪਿਛੋਂ ਪੰਜਾਬ ਪੁਲੀਸ ਵੀ ਇਸ ਮਾਮਲੇ ਵਿਚ ਸਰਗਰਮ ਹੋ ਗਈ ਸੀ। ਪੰਜਾਬ ਤੋਂ ਪਹਿਲਾਂ ਵੀ ਕਈ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਅੱਜ ਪੰਜਾਬ ਪੁਲੀਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ ਕਿ ਇਸ ਕਤਲ ਨਾਲ ਸਬੰਧਿਤ ਸੁਜੀਤ ਸੁਸ਼ੀਲ ਸਿੰਘ ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਪੁਲੀਸ ਨੂੰ ਮਿਲੀ ਜਾਣਕਾਰ ਅਨੁਸਾਰ ਸੁਜੀਤ ਵੀ ਬਾਬਾ ਸਿੱਧੀਕੀ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ ਅਤੇ ਉਸਨੂੰ ਬਾਬਾ ਸਿੱਧੀਕੀ ਨੂੰ ਮਾਰਨ ਦੀ ਯੋਜਨਾ ਬਾਰੇ ਤਿੰਨ ਦਿਨ ਪਹਿਲਾਂ ਨਿਤਿਨ ਗੌਤਮ ਸਪਰੇ ਅਤੇ ਇੱਕ ਹੋਰ ਮੁਲਜ਼ਮ ਵੱਲੋਂ ਸੂਚਨਾ ਦਿੱਤੀ ਗਈ ਸੀ। ਇਸ ਤੋਂ ਇਲਾਵਾ, ਸੁਜੀਤ ਨੇ ਲੋਜਿਸਟਿਕ ਸਹਾਇਤਾ ਵੀ ਪ੍ਰਦਾਨ ਕੀਤੀ ਸੀ।
ਤੁਹਾਨੂੰ ਦੱਸ ਦੇਈਏ ਕਿ ਰਾਜਸਥਾਨ ਵਿਚ ਸਲਮਾਨ ਖਾਨ ਉੱਪਰ ਕਾਲੇ ਹਿਰਨ ਨੂੰ ਮਾਰਨ ਦੇ ਦੋਸ਼ ਲੱਗੇ ਸਨ। ਇਨ੍ਹਾਂ ਦੋਸ਼ਾਂ ਅਧੀਨ ਹੀ ਸਲਮਾਨ ਖਾਨ ਨੂੰ ਸਜ਼ਾ ਵੀ ਹੋ ਗਈ ਸੀ। ਰਾਜਸਥਾਨ ਵਿਚ ਬਿਸ਼ਨੋਈ ਸਮਾਜ ਵਲੋਂ ਕਾਲੇ ਹਿਰਨ ਦੀ ਪੂਜਾ ਕੀਤੀ ਜਾਂਦੀ ਹੈ। ਇਸ ਲਈ ਬਿਸ਼ਨੋਈ ਸਮਾਜ ਵਲੋਂ ਕਾਲੇ ਹਿਰਨ ਨੂੰ ਮਾਰਨ ਦੇ ਮਾਮਲੇ ਵਿਚ ਸਲਮਾਨ ਖਾਨ ਦਾ ਵੀ ਖੁੱਲ੍ਹੇਆਮ ਵਿਰੋਧ ਕੀਤਾ ਗਿਆ। ਇਸੇ ਸਿਲਸਲੇ ਵਿਚ ਹੀ ਪ੍ਰਸਿੱਧ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਮਾਰਨ ਦਾ ਸ਼ਰੇਆਮ ਐਲਾਨ ਕਰ ਦਿੱਤਾ ਸੀ। ਸਲਮਾਨ ਖਾਨ ਦੇ ਨੇੜਲੇ ਅਤੇ ਰਾਜਨੀਤੀ ਵਿਚ ਸਰਗਰਮ ਬਾਬਾ ਸਿੱਧੀਕੀ ਨੂੰ ਪਿਛਲੇ ਦਿਨੀਂ ਇਸੇ ਕਾਰਨ ਹੀ ਮਾਰ ਦਿੱਤਾ ਗਿਆ ਕਿ ਉਹ ਸਲਮਾਨ ਖਾਨ ਦਾ ਨਜ਼ਦੀਕੀ ਸੀ। ਇਸੇ ਮਾਮਲੇ ਵਿਚ ਹੀ ਹੁਣ ਸਲਮਾਨ ਖਾਨ ਨੂੰ ਵੀ ਲਗਾਤਾਰ ਧਮਕੀਆਂ ਆ ਰਹੀਆਂ ਹਨ। ਹੁਣ ਪੁਲੀਸ ਵਲੋਂ ਬਾਬਾ ਸਿੱਧੀਕੀ ਦੇ ਕਤਲ ਦੇ ਮਾਮਲੇ ਵਿਚ ਚੱਲ ਰਹੀ ਜਾਂਚ ਦੌਰਾਨ ਲਗਾਤਾਰ ਗ੍ਰਿਫਤਾਰੀਆਂ ਦਾ ਸਿਲਸਲਾ ਜਾਰੀ ਹੈ।