Wednesday, February 19Malwa News
Shadow

ਪਸ਼ੂ ਪਾਲਣ ਵਿਭਾਗ ਨੇ ਇੱਕ-ਰੋਜ਼ਾ ਤਣਾਅ ਪ੍ਰਬੰਧਨ ਸਿਖਲਾਈ ਪ੍ਰੋਗਰਾਮ ਕਰਵਾਇਆ

ਚੰਡੀਗੜ੍ਹ, 26 ਅਕਤੂਬਰ: ਪੰਜਾਬ ਦੇ ਪਸ਼ੂ ਪਾਲਣ ਵਿਭਾਗ ਨੇ ਆਪਣੇ ਅਧਿਕਾਰੀਆਂ ਦੀ ਕਾਰਜ-ਕੁਸ਼ਲਤਾ ਵਿੱਚ ਹੋਰ ਵਾਧਾ ਕਰਨ ਦੇ ਉਦੇਸ਼ ਨਾਲ ਇੱਥੇ ਮਗਸੀਪਾ ਵਿਖੇ ਇੱਕ-ਰੋਜ਼ਾ ਤਣਾਅ ਪ੍ਰਬੰਧਨ ਸਿਖਲਾਈ ਪ੍ਰੋਗਰਾਮ ਕਰਵਾਇਆ। ਇਸ ਸਿਖਲਾਈ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸਫ਼ਲ ਅਤੇ ਖੁਸ਼ਹਾਲ ਜੀਵਨ ਜਿਊਣ ਲਈ ਕੰਮ ਅਤੇ ਨਿੱਜੀ ਜ਼ਿੰਦਗੀ ਦਰਮਿਆਨ ਸੰਤੁਲਨ ਬਣਾਈ ਰੱਖਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨੇ ਭਾਗੀਦਾਰਾਂ ਨੂੰ ਆਪਣੀ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਲਈ ਆਪਣੇ ਸ਼ੌਕ, ਪਰਿਵਾਰ ਅਤੇ ਆਰਾਮ ਲਈ ਸਮਾਂ ਕੱਢਣ ਵਾਸਤੇ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਇੱਕ ਸਿਹਤਮੰਦ ਅਤੇ ਸੰਪੂਰਨ ਜੀਵਨ ਜਿਊਣ ਲਈ ਤਣਾਅ ਪ੍ਰਬੰਧਨ ਬਹੁਤ ਜ਼ਰੂਰੀ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਪ੍ਰਭਾਵੀ ਢੰਗ ਨਾਲ ਸਮਾਂ ਪ੍ਰਬੰਧਨ ਕਰਕੇ ਤਣਾਅ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ, ਇਸ ਲਈ ਅਸਲ ਸਮਾਂ-ਸੀਮਾ ਨਿਰਧਾਰਤ ਕਰਕੇ ਕਾਰਜਾਂ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਸੰਤੁਲਿਤ ਖੁਰਾਕ, ਨਿਯਮਤ ਕਸਰਤ ਅਤੇ ਲੋੜੀਂਦੀ ਨੀਂਦ ਯਕੀਨੀ ਬਣਾ ਕੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੀ ਅਪੀਲ ਕੀਤੀ।

ਸ. ਖੁੱਡੀਆਂ ਨੇ ਕਿਹਾ ਕਿ ਜੇਕਰ ਕਿਸੇ ਅਧਿਕਾਰੀ/ਕਰਮਚਾਰੀ ਨੂੰ ਕੰਮ ਨਾਲ ਸਬੰਧਤ ਕੋਈ ਸਮੱਸਿਆ ਪੇਸ਼ ਆ ਰਹੀ ਹੈ ਤਾਂ ਉਹ ਮਦਦ ਅਤੇ ਸਹਾਇਤਾ ਲਈ ਹਮੇਸ਼ਾ ਉਪਲਬਧ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸੂਬੇ ਦੇ ਪਸ਼ੂ-ਪਾਲਕਾਂ ਤੱਕ ਵਿਭਾਗ ਦੀਆਂ ਨੀਤੀਆਂ ਤੇ ਪ੍ਰੋਗਰਾਮ ਪਹੁੰਚਾਉਣ ਦੀ ਅਪੀਲ ਕੀਤੀ ਤਾਂ ਜੋ ਉਨ੍ਹਾਂ ਦੀ ਆਰਥਿਕ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਭੰਡਾਰੀ ਨੇ ਤਣਾਅ ਪ੍ਰਬੰਧਨ ਵਿੱਚ ਪਰਿਵਾਰ, ਸਮਾਂ, ਕੰਮ, ਸਾਦਾ ਜੀਵਨ ਅਤੇ ਸਕਾਰਾਤਮਕ ਰਵੱਈਏ ਦੀ ਮਹੱਤਤਾ ‘ਤੇ ਚਾਨਣਾ ਪਾਇਆ।

ਇਸ ਸਿਖਲਾਈ ਪ੍ਰੋਗਰਾਮ ਦੌਰਾਨ ਮਾਹਿਰਾਂ ਨੇ ਤਣਾਅ ਪ੍ਰਬੰਧਨ ਲਈ ਵੱਖ-ਵੱਖ ਉਪਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਤਣਾਅ ਪ੍ਰਬੰਧਨ ਵਿੱਚ ਪਰਿਵਾਰ, ਸਮਾਜ, ਸਮੇਂ ਅਤੇ ਨਿੱਜੀ ਵਿਚਾਰਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਹਨਾਂ ਨੇ ਅਧਿਕਾਰੀਆਂ ਨੂੰ ਉਹਨਾਂ ਦੇ ਪੇਸ਼ੇਵਰ ਅਤੇ ਨਿੱਜੀ ਜੀਵਨ ਵਿੱਚ ਪੈਦਾ ਹੋਣ ਵਾਲੇ ਤਣਾਅ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਵਿੱਚ ਮਦਦ ਕਰਨ ਲਈ ਅਹਿਮ ਜਾਣਕਾਰੀ ਪ੍ਰਦਾਨ ਕੀਤੀ।

ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਜੀ.ਐਸ. ਬੇਦੀ ਨੇ ਧੰਨਵਾਦ ਕਰਦਿਆਂ ਕਿਹਾ ਕਿ ਪਸ਼ੂ ਪਾਲਣ ਮੰਤਰੀ ਅਤੇ ਪ੍ਰਮੁੱਖ ਸਕੱਤਰ ਦੀ ਅਗਵਾਈ ਹੇਠ ਪਸ਼ੂ ਪਾਲਣ ਵਿਭਾਗ ਸੂਬੇ ਦੇ ਪਸ਼ੂ-ਪਾਲਕਾਂ ਦੀ ਭਲਾਈ ਪ੍ਰਤੀ ਸਮਰਪਿਤ ਹੈ। ਇਸ ਮੌਕੇ ਸਾਰੇ ਪਤਵੰਤਿਆਂ ਨੇ ਮਗਸੀਪਾ ਦੇ ਕੋਰਸ ਡਾਇਰੈਕਟਰ ਗਗਨਦੀਪ ਸ਼ਰਮਾ ਅਤੇ ਕੋਰਸ ਕੋਆਰਡੀਨੇਟਰ ਪ੍ਰਭਜੋਤ ਸਿੰਘ ਦੇ ਉਪਰਾਲਿਆਂ ਦੀ ਸ਼ਲਾਘਾ ਵੀ ਕੀਤੀ।

Animal Meeting Khudian

Basmati Rice Advertisment