ਚੰਡੀਗੜ੍ਹ 26 ਅਕਤੂਬਰ : ਅੱਜ ਵਿਜੀਲੈਂਸ ਬਿਊਰੋ ਨੇ ਇਕ ਵੱਡੀ ਕਾਰਵਾਈ ਕਰਦਿਆਂ ਸ੍ਰੀ ਮੁਕਤਸਰ ਸਾਹਿਬ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਢਿੱਲੋਂ ਨੂੰ ਵੱਡੇ ਘਪਲੇਬਾਜੀ ਦੇ ਦੋਸ਼ਾਂ ਵਿਚ ਗ੍ਰਿਫਤਾਰ ਕਰ ਲਿਆ ਹੈ। ਏ.ਡੀ.ਸੀ. ‘ਤੇ ਦੋਸ਼ ਹਨ ਕਿ ਉਸ ਨੇ ਅੰਮ੍ਰਿਤਸਰ-ਕੋਲਕਾਤਾ ਕੋਰੀਡੋਰ ਪ੍ਰੋਜੈਕਟ ਅਧੀਨ ਅਕਵਾਇਰ ਕੀਤੀ ਗਈ ਜ਼ਮੀਨ ਦੇ ਮੁਆਵਜੇ ਦੀ ਰਕਮ ਵਿਚ ਵੱਡੀ ਹੇਰਾਫੇਰੀ ਕੀਤੀ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਵਿਜੀਲੈਂਸ ਬਿਊਰੋ ਦੇ ਇੱਕ ਅਧਿਕਾਰੀ ਦੱਸਿਆ ਕਿ ਸੁਰਿੰਦਰ ਢਿੱਲੋਂ, ਜੋ ਉਸ ਵੇਲੇ ਜਿਲਾ ਵਿਕਾਸ ਅਤੇ ਪੰਚਾਇਤ ਅਧਿਕਾਰੀ (DDPO) ਵਜੋਂ ਤਾਇਨਾਤ ਸੀ, ਉਸ ਖਿਲਾਫ FIR ਨੰਬਰ 12, ਮਿਤੀ 26.05.2022 ਦਰਜ ਕੀਤੀ ਗਈ ਸੀ। ਇਸ ਵਿਚ ਸੁਰਿੰਦਰ ਢਿਲੋਂ ਨੂੰ ਨਾਮਜ਼ਦ ਕੀਤਾ ਗਿਆ ਸੀ। ਇਹ ਪਰਚਾ IPC ਦੇ ਧਾਰਾਂ 406, 420, 409, 465, 467 ਅਤੇ 120-B ਅਧੀਨ ਦਰਜ ਕੀਤਾ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ 1,103 ਏਕੜ ਜਮੀਨ ਅਕਵਾਇਰ ਕੀਤੀ ਗਈ ਸੀ, ਜਿਸਦੇ ਮੁਆਵਜ਼ੇ ਵਜੋਂ 285 ਕਰੋੜ ਰੁਪੲੈ ਜਾਰੀ ਕੀਤੇ ਗਏ ਸਨ। ਇਹ ਜ਼ਮੀਨ ਜਿਲਾ ਪਟਿਆਲਾ ਦੇ ਪਿੰਡਾਂ ਅੱਕੜੀ, ਸੇਹਰਾ, ਸੇਹਰੀ, ਤਖ਼ਤੂਮਾਜਰਾ ਅਤੇ ਪਾਬਰਾ ਪਿੰਡਾਂ ਦੀ ਸੀ। ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੂੰ ਦਿੱਤੀ ਗਈ ਮੁਆਵਜੇ ਦੀ ਰਕਮ ਵਿਚ ਵੱਡੇ ਪੱਧਰ ‘ਤੇ ਘਪਲੇਬਾਜੀ ਕੀਤੀ ਗਈ।
ਵਿਜੀਲੈਂਸ ਵਲੋਂ ਕੀਤੀ ਗਈ ਜਾਂਚ ਦੌਰਾਨ ਇਹ ਤੱਥ ਸਾਹਮਣੇ ਆਏ ਹਨ ਕਿ ਮੁਆਵਜੇ ਦੀ ਇਸ ਰਕਮ ਵਿਚੋਂ 30 ਪ੍ਰਤੀਸ਼ਤ ਰਕਮ ਤਾਂ ਬਲਾਕ ਵਿਕਾਸ ਪੰਚਾਇਤ ਅਫਸਰ ਦੇ ਦਫਤਰ ਦੇ ਸਕੱਤਰ ਦੇ ਖਾਤੇ ਵਿਚ ਹੋਣੇ ਸਨ, ਜੋ ਠੀਕ ਢੰਗ ਨਾਲ ਟਰਾਂਸਫਰ ਨਹੀਂ ਕੀਤੇ ਗਏ। ਇਸੇ ਤਰਾਂ ਇਸ ਵਿਚੋਂ 10 ਪ੍ਰਤੀਸ਼ਤ ਫੰਡ ਇਨ੍ਹਾਂ ਪਿੰਡਾਂ ਦੇ ਵਿਕਾਸ ਲਈ ਖਰਚੇ ਜਾਣੇ ਸਨ। ਪਰ ਦੋਸ਼ੀਆਂ ਨੇ ਇਸ ਪ੍ਰੋਜੈਕਟ ਦੇ ਖਰਚੇ ਹੱਦੋਂ ਵੱਧ ਦਿਖਾਏ ਗਏ ਅਤੇ 65 ਕਰੋੜ ਰੁਪਏ ਖਰਚ ਕਰ ਦਿੱਤੇ ਗਏ। ਪਿੰਡਾਂ ਦੇ ਵਿਕਾਸ ਦੇ ਕਈ ਪ੍ਰੋਜੈਕਟ ਤਾਂ ਕੇਵਲ ਕਾਗਜਾਂ ਤੱਕ ਹੀ ਸੀਮਿਤ ਰਹਿ ਗਏ ਸਨ। ਜੋ ਕੰਮ ਕੀਤੇ ਗਏ ਹਨ, ਉਹ ਵੀ ਸਰਕਾਰ ਵਲੋਂ ਮਿਥੇ ਗਏ ਮਿਆਰਾਂ ਮੁਤਾਬਿਕ ਨਹੀਂ ਕੀਤੇ ਗਏ, ਕੇਵਲ ਖਾਨਾਪੂਰਤੀ ਹੀ ਕੀਤੀ ਗਈ।
ਇਸੇ ਮਾਮਲੇ ਵਿਚ ਹੀ ਕੁਝ ਸਰਪੰਚਾਂ ਅਤੇ ਪੰਚਾਇਤ ਮੈਂਬਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਅਤੇ ਉਸਦੇ ਪੁੱਤਰ ਤੋਂ ਇਲਾਵਾ ਕੁੱਝ ਹੋਰ ਵਿਅਕਤੀਆਂ ਖਿਲਾਫ ਵੀ ਜਾਂਚ ਕੀਤੀ ਜਾ ਰਹੀ ਹੈ।
ਇਸ ਮਾਮਲੇ ਵਿਚ ਏ ਡੀ ਸੀ ਸੁਰਿੰਦਰ ਸਿੰਘ ਢਿਲੋਂ ਨੂੰ ਅੱਜ ਮੁਕਤਸਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ।