Monday, November 23Malwa News
Shadow

ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4: ਬੈਡਮਿੰਟਨ (ਲੜਕਿਆਂ) ਦੇ ਰਾਜ ਪੱਧਰੀ ਮੁਕਾਬਲਿਆਂ ਦੀ ਸ਼ਾਨਦਾਰ ਸਮਾਪਤੀ

ਬਰਨਾਲਾ, 23 ਨਵੰਬਰ-      ਪੰਜਾਬ ਸਰਕਾਰ ਵਲੋਂ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਉਪਰਾਲੇ ਤਹਿਤ ਕਰਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ (ਸੀਜ਼ਨ-4) ਤਹਿਤ ਇਥੇ ਐਲ.ਬੀ.ਐਸ. ਕਾਲਜ, ਬਰਨਾਲਾ ਵਿਖੇ 17 ਤੋਂ 22 ਨਵੰਬਰ ਤੱਕ ਬੈਡਮਿੰਟਨ ( ਲੜਕਿਆਂ) ਦੇ ਰਾਜ ਪੱਧਰੀ ਮੁਕਾਬਲੇ ਪੂਰੇ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਏ। 

 ਇਨ੍ਹਾਂ ਮੁਕਾਬਲਿਆਂ ਦੌਰਾਨ ਪਹਿਲੇ ਪੜਾਅ ਵਿੱਚ 17, 18 ਅਤੇ 19 ਨਵੰਬਰ ਨੂੰ ਲੜਕੀਆਂ ਦੇ ਅੰਡਰ-14 ਤੋਂ ਲੈ ਕੇ 70+ ਉਮਰ ਵਰਗ ਤੱਕ ਦੇ ਮੁਕਾਬਲੇ ਕਰਵਾਏ ਗਏ, ਜਦਕਿ 20 ਤੋਂ 22 ਨਵੰਬਰ ਤੱਕ ਲੜਕਿਆਂ ਦੇ ਅੰਡਰ-14 ਤੋਂ 70+ ਉਮਰ ਵਰਗ ਤੱਕ ਦੇ ਦਿਲਚਸਪ ਮੁਕਾਬਲੇ ਹੋਏ।

     ਇਨ੍ਹਾਂ ਮੁਕਾਬਲਿਆਂ ਦੇ ਸਮਾਪਤੀ ਸਮਾਰੋਹ ਵਿੱਚ ਸੰਸਦ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। 

ਸਮਾਗਮ ਦੌਰਾਨ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਨੇ ਸੂਬੇ ਵਿੱਚ ਮੁੜ ਤੋਂ ਖੇਡ ਸੱਭਿਆਚਾਰ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਕਿਹਾ ਕਿ 14 ਸਾਲ ਦੇ ਬੱਚਿਆਂ ਤੋਂ ਲੈ ਕੇ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੀ ਇਨ੍ਹਾਂ ਮੁਕਾਬਲਿਆਂ ਵਿੱਚ ਸ਼ਮੂਲੀਅਤ ਇਹ ਸਾਬਤ ਕਰਦੀ ਹੈ ਕਿ ਖੇਡਾਂ ਦੀ ਕੋਈ ਉਮਰ ਨਹੀਂ ਹੁੰਦੀ ਅਤੇ ਇਹ ਇੱਕ ਸਿਹਤਮੰਦ ਤੇ ਨਰੋਏ ਸਮਾਜ ਦੀ ਸਿਰਜਣਾ ਕਰਦੀਆਂ ਹਨ। ਖਿਡਾਰੀਆਂ ਦਾ ਮਨੋਬਲ ਵਧਾਉਂਦਿਆਂ ਸ. ਮੀਤ ਹੇਅਰ ਨੇ ਕਿਹਾ ਕਿ ਖੇਡ ਦੇ ਮੈਦਾਨ ਵਿੱਚ ਹਾਰ-ਜਿੱਤ ਨਾਲੋਂ ਖੇਡ ਭਾਵਨਾ ਅਤੇ ਲਗਾਤਾਰ ਮਿਹਨਤ ਵਧੇਰੇ ਮਾਇਨੇ ਰੱਖਦੀ ਹੈ। ਉਨ੍ਹਾਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਬਾਕੀ ਖਿਡਾਰੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਜਿਹੜੇ ਖਿਡਾਰੀ ਇਸ ਵਾਰ ਤਗ਼ਮੇ ਜਿੱਤਣ ਤੋਂ ਖੁੰਝ ਗਏ ਹਨ, ਉਹ ਨਿਰਾਸ਼ ਨਾ ਹੋਣ ਸਗੋਂ ਹੋਰ ਲਗਨ ਨਾਲ ਅਭਿਆਸ ਕਰਨ। ਉਨ੍ਹਾਂ ਕਿਹਾ ਕਿ ਸਖ਼ਤ ਮਿਹਨਤ ਅਤੇ ਅਨੁਸ਼ਾਸਨ ਸਦਕਾ ਹੀ ਖਿਡਾਰੀ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡ ਮੈਦਾਨਾਂ ਨਾਲ ਜੁੜਨ ਦਾ ਸੱਦਾ ਦਿੱਤਾ ਅਤੇ ਭਰੋਸਾ ਦਿਵਾਇਆ ਕਿ ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਜਾਰੀ ਰਹਿਣਗੇ।

 ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਰੁਪੇਸ਼ ਕੁਮਾਰ ਬੇਗੜਾ ਨੇ ਲੜਕਿਆਂ ਦੇ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਡਰ-14 ਵਰਗ ਵਿੱਚ ਫਾਜ਼ਿਲਕਾ ਨੇ ਪਹਿਲਾ, ਹੁਸ਼ਿਆਰਪੁਰ ਨੇ ਦੂਜਾ ਅਤੇ ਅੰਮ੍ਰਿਤਸਰ  ਤੇ ਗੁਰਦਾਸਪੁਰ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-17 ਲੜਕਿਆਂ ਦੇ ਵਰਗ ਵਿੱਚ ਫਾਜ਼ਿਲਕਾ ਪਹਿਲੇ, ਜਲੰਧਰ ਦੂਜੇ ਅਤੇ ਲੁਧਿਆਣਾ ਤੇ ਗੁਰਦਾਸਪੁਰ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਰਹੇ। ਅੰਡਰ-21 ਲੜਕਿਆਂ ਦੇ ਮੁਕਾਬਲਿਆਂ ਵਿੱਚ ਗੁਰਦਾਸਪੁਰ ਨੇ ਪਹਿਲਾ, ਜਲੰਧਰ ਨੇ ਦੂਜਾ ਅਤੇ ਐਸ.ਬੀ.ਐਸ. ਨਗਰ ਤੇ ਫਰੀਦਕੋਟ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ 21 ਤੋਂ 30 ਸਾਲ ਪੁਰਸ਼ ਵਰਗ ਵਿੱਚ ਅੰਮ੍ਰਿਤਸਰ ਨੇ ਪਹਿਲਾ, ਫਾਜ਼ਿਲਕਾ ਨੇ ਦੂਜਾ ਅਤੇ ਮੋਗਾ ਤੇ ਜਲੰਧਰ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕਰਕੇ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ।

ਇਸ ਮੌਕੇ ਨਗਰ ਨਿਗਮ ਦੇ ਮੇਅਰ ਸ੍ਰੀ ਹਸਨ ਭਾਰਦਵਾਜ, ਸ. ਹਰਿੰਦਰ ਧਾਲੀਵਾਲ, ਕਨਵੀਨਰ ਬੈਡਮਿੰਟਨ ਕੋਚ (ਜਲੰਧਰ) ਸ੍ਰੀ ਵਰੁਣ, ਓਵਰਆਲ ਇੰਚਾਰਜ ਸ੍ਰੀਮਤੀ ਬਰਿੰਦਰਜੀਤ ਕੌਰ ਅਤੇ ਬੈਡਮਿੰਟਨ ਸੈਕਟਰੀ ਸ. ਜਸਵੰਤ ਸਿੰਘ ਹਾਜ਼ਰ ਸਨ।