
ਚੰਡੀਗੜ੍ਹ, 29 ਜਨਵਰੀ : ਸੈਂਟਰਲ ਸਿਵਲ ਸਰਵਿਸਜ਼ ਬੋਰਡ ਵਲੋਂ ਕਰਵਾਏ ਜਾ ਰਹੇ ਆਲ ਇੰਡੀਆ ਸਰਵਿਸਜ਼ ਹਾਕੀ, ਕੁਸ਼ਤੀ ਤੇ ਵਾਲੀਬਾਲ ਮੁਕਾਬਲਿਆਂ ਲਈ ਟਰਾਇਲ 3 ਫਰਵਰੀ ਨੂੰ ਕਰਵਾਏ ਜਾ ਰਹੇ ਹਨ। ਹਾਕੀ ਟੀਮਾਂ ਦੀ ਚੋਣ ਲਈ ਇਹ ਟਰਾਇਲ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ, ਕੁਸ਼ਤੀ ਦੇ ਟਰਾਇਲ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਅਤੇ ਵਾਲੀਬਾਲ ਦੀਆਂ ਟੀਮਾਂ ਦੇ ਟਰਾਇਲ ਮਲਟੀਪਰਪਜ਼ ਖੇਡ ਸਟੇਡੀਅਮ ਸੈਕਟਰ 63 ਮੋਹਾਲੀ ਵਿਖੇ ਹੋਣਗੇ।
ਖੇਡ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਹ ਆਲ ਇੰਡੀਆ ਸਰਵਿਸਜ਼ ਹਾਕੀ, ਕੁਸ਼ਤੀ ਤੇ ਵਾਲੀਬਾਲ (ਪੁਰਸ਼ ਤੇ ਮਹਿਲਾ) ਟੂਰਨਾਮੈਟ 14 ਤੋਂ 28 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਦੇਸ਼ ਭਰ ਵਿਚੋਂ ਟੀਮਾਂ ਭਾਗ ਲੈਣਗੀਆਂ। ਪੰਜਾਬ ਦੀਆਂ ਟੀਮਾਂ ਲਈ ਟਰਾਇਲ 3 ਫਰਵਰੀ ਨੂੰ ਕਰਵਾਏ ਜਾ ਰਹੇ ਹਨ। ਇਨ੍ਹਾਂ ਟਰਾਇਲਾਂ ਵਿਚ ਕਿਸੇ ਵੀ ਸਰਕਾਰੀ ਵਿਭਾਗ, ਕਾਰਪੋਰੇਸ਼ਨ, ਬੈਂਕ ਜਾਂ ਖੁਦਮੁਖਤਿਆਰ ਸੰਸਥਾ ਦੇ ਮੁਲਾਜ਼ਮ ਭਾਗ ਲੈ ਸਕਦੇ ਹਨ।