
ਲੁਧਿਆਣਾ, 29 ਜਨਵਰੀ : ਜਬਤ ਕੀਤੀ ਗਈ ਕਾਰ ਛੁਡਾਉਣ ਲਈ ਰਿਸ਼ਵਤ ਮੰਗਣ ਵਾਲੇ ਹੌਲਦਾਰ ਨੂੰ ਵਿਜੀਲੈਂਸ ਬਿਊਰੋ ਨੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਹੈ। ਇਹ ਹੌਲਦਾਰ ਸੇਵਾਮੁਕਤ ਹੋ ਚੁੱਕਾ ਹੈ, ਪਰ ਐਸ ਐਚ ਓ ਨੇ ਨੇ ਸੇਵਾਮੁਕਤੀ ਪਿਛੋਂ ਖੁਦ ਹੀ ਉਸ ਨੂੰ ਥਾਣੇ ਵਿਚ ਕੰਮ ਵਾਸਤੇ ਰੱਖਿਆ ਹੋਇਆ ਸੀ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਖੰਨਾ ਨੇੜੇ ਦੇ ਪਿੰਡ ਮੋਹਨ ਮਾਜਰਾ ਦੇ ਵਾਸੀ ਸੁਖਵੀਰ ਸਿੰਘ ਨੇ ਵਿਜੀਲੈਂਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਦੱਸਿਆ ਸੀ ਕਿ ਉਸਦੀ ਕਾਰ ਮਾਛੀਵਾੜਾ ਪੁਲੀਸ ਨੇ ਜਬਤ ਕਰ ਲਈ ਸੀ। ਇਸ ਤੋਂ ਬਾਅਦ ਜਦੋਂ ਉਸ ਨੇ ਕਾਰ ਛੁਡਾਉਣ ਲਈ ਥਾਣੇ ਪਹੁੰਚ ਕੀਤੀ ਤਾਂ ਉਥੇ ਹਾਜਰ ਸੇਵਾ ਮੁਕਤ ਹੌਲਦਾਰ ਬਲਵਿੰਦਰ ਸਿੰਘ ਨੇ ਉਸ ਨੂੰ ਦੱਸਿਆ ਕਿ ਇਹ ਕਾਰ ਮੁੱਖ ਮੁਨਸ਼ੀ ਦੇ ਕਬਜੇ ਵਿਚ ਹੈ ਅਤੇ ਉਹ ਕਾਰ ਛੁਡਵਾਉਣ ਲਈ 25 ਹਜਾਰ ਰੁਪਏ ਲਵੇਗਾ। ਬਾਅਦ ਵਿਚ ਉਸ ਨੇ 15 ਹਜਾਰ ਰੁਪਏ ਵਿਚ ਸੌਦਾ ਤੈਅ ਕਰ ਲਿਆ। ਕੱਲ੍ਹ ਸੁਖਵੀਰ ਸਿੰਘ ਨੇ ਫੇਰ ਥਾਣੇ ਵਿਚ ਬਲਵਿੰਦਰ ਸਿੰਘ ਨੂੰ ਰਿਸ਼ਵਤ ਦੀ ਰਕਮ ਘੱਟ ਕਰਨ ਦੀ ਬੇਨਤੀ ਕੀਤੀ ਤਾਂ ਉਸ ਨੇ 10 ਹਜਾਰ ਰੁਪਏ ਦਾ ਸੌਦਾ ਤੈਅ ਕਰ ਲਿਆ। ਇਸਦੀ ਸਾਰੀ ਰਿਕਾਰਡਿੰਗ ਸੁਖਵੀਰ ਸਿੰਘ ਨੇ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ। ਅੱਜ ਵਿਜੀਲੈਂਸ ਬਿਊਰੋ ਨੇ ਆਪਣਾ ਜਾਲ ਵਿਛਾ ਕੇ ਬਲਵਿੰਦਰ ਸਿੰਘ ਨੂੰ 10 ਹਜਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਹੈ।