
ਨਵੀਂ ਦਿੱਲੀ, 29 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਦਿੱਲੀ ਦੇ ਰਾਜੌਰੀ ਗਾਰਡਨ, ਤਿਲਕ ਨਗਰ ਅਤੇ ਵਿਕਾਸਪੁਰੀ ਵਿਧਾਨ ਸਭਾ ਖੇਤਰਾਂ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰਾਂ ਲਈ ਰੋਡ ਸ਼ੋਅ ਕਰਕੇ ਪ੍ਰਚਾਰ ਕੀਤਾ।
ਰੋਡ ਸ਼ੋਅ ਦੌਰਾਨ ਲੋਕਾਂ ਨੂੰ ਮਾਨ ਨੇ ਚੌਥੀ ਵਾਰ ਮੁੱਖ ਮੰਤਰੀ ਦੇ ਤੌਰ ‘ਤੇ ਅਰਵਿੰਦ ਕੇਜਰੀਵਾਲ ਨੂੰ ਚੁਣਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਦਿੱਲੀ ਦੇ ਸੁਸ਼ਾਸਨ ਦੀ ਵਿਰਾਸਤ ਨੂੰ ਮਜ਼ਬੂਤ ਬਣਾਓ। ਰੋਡ ਸ਼ੋਅ ਵਿੱਚ ਦਿੱਲੀ ਦੇ ਲੋਕਾਂ ਦੀ ਉਤਸ਼ਾਹਪੂਰਨ ਭਾਗੀਦਾਰੀ ਦੇਖੀ ਗਈ, ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਉਤਸ਼ਾਹ ਵਧਾਇਆ ਅਤੇ ਪਾਰਟੀ ਦੀਆਂ ਜਨ-ਸਮਰਥਕ ਪਹਿਲਾਂ ਦੀ ਸ਼ਲਾਘਾ ਕੀਤੀ।
ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਿੱਖਿਆ, ਸਿਹਤ, ਰੁਜ਼ਗਾਰ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਸਮੇਤ ਲੋਕਾਂ ਦੀ ਹਰ ਮੂਲ ਜ਼ਰੂਰਤ ਨੂੰ ਪੂਰਾ ਕਰਨ ਲਈ ਵਚਨਬੱਧ ਹੈ। “ਅਸੀਂ ਅਸਲ ਮੁੱਦਿਆਂ ਬਾਰੇ ਗੱਲ ਕਰਦੇ ਹਾਂ ਅਤੇ ਅਸੀਂ ਆਪਣੀ ਗਰੰਟੀ ਵੀ ਪੂਰੀ ਕਰਦੇ ਹਾਂ। ਪੰਜਾਬ ਵਿੱਚ 90 ਫੀਸਦੀ ਘਰਾਂ ਵਿੱਚ ਜ਼ੀਰੋ ਬਿਜਲੀ ਬਿੱਲ ਆਉਂਦਾ ਹੈ। ਅਸੀਂ ਬਿਨਾਂ ਰਿਸ਼ਵਤ ਅਤੇ ਸਿਫਾਰਸ਼ ਤੋਂ 50,000 ਸਰਕਾਰੀ ਨੌਕਰੀਆਂ ਦਿੱਤੀਆਂ ਅਤੇ ਜਨਤਕ ਖੇਤਰਾਂ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ। ਪੰਜਾਬ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਕਾਲ ਕਰੋ ਅਤੇ ਉਨ੍ਹਾਂ ਤੋਂ ਪੁੱਛੋ ਕਿ ਕਿਵੇਂ ‘ਆਪ’ ਸਰਕਾਰ ਨੇ ਆਪਣੇ ਵਾਅਦੇ ਨਿਭਾਏ ਹਨ।”
ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਦਿੱਲੀ ਵਿੱਚ ‘ਆਪ’ ਦੀਆਂ ਪਰਿਵਰਤਨਕਾਰੀ ਨੀਤੀਆਂ ‘ਤੇ ਵੀ ਪ੍ਰਕਾਸ਼ ਪਾਇਆ ਅਤੇ ਕਿਹਾ ਕਿ ਦਿੱਲੀ ਵਿੱਚ ਮੁਫ਼ਤ ਬਿਜਲੀ, ਵਿਸ਼ਵ ਪੱਧਰੀ ਸਿੱਖਿਆ, ਸਿਹਤ ਸੇਵਾ ਅਤੇ ਸਰਕਾਰੀ ਬੱਸਾਂ ਵਿੱਚ ਔਰਤਾਂ ਲਈ ਮੁਫ਼ਤ ਯਾਤਰਾ ਬੇਹੱਦ ਮਹੱਤਵਪੂਰਨ ਯੋਜਨਾ ਹੈ। ਆਮ ਆਦਮੀ ਪਾਰਟੀ ਦਾ ਸ਼ਾਸਨ ਲੋਕਾਂ ਲਈ ਕੰਮ ਕਰਦਾ ਹੈ। ਹੁਣ ਇਸ ਵਿਰਾਸਤ ਨੂੰ ਹੋਰ ਅੱਗੇ ਵਧਾਉਣ ਦਾ ਸਮਾਂ ਆ ਗਿਆ ਹੈ। ਮਾਨ ਨੇ ਵੋਟਰਾਂ ਤੋਂ ਦਿੱਲੀ ਦੀ ਤਰੱਕੀ ਅਤੇ ਪਾਰਦਰਸ਼ਤਾ ਲਈ ਵਚਨਬੱਧ ਉਮੀਦਵਾਰਾਂ ਨੂੰ ਚੁਣਨ ਦੀ ਅਪੀਲ ਕੀਤੀ।
ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਲੋਕਾਂ ਦੀ ਸੇਵਾ ਕਰਨ ਲਈ ਆਪਣੀ ਨੌਕਰੀ ਛੱਡ ਦਿੱਤੀ। ਉਹ ਪੈਸੇ ਕਮਾਉਣ ਲਈ ਸਿਆਸਤ ਵਿੱਚ ਨਹੀਂ ਆਏ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਗਰੰਟੀ ਬੀਜੇਪੀ ਵਾਂਗ ‘ਜੁਮਲਾ’ ਨਹੀਂ ਹੁੰਦੀ ਹੈ। ਅਸੀਂ ਜੋ ਵਾਅਦਾ ਕਰਦੇ ਹਾਂ ਉਸ ਨੂੰ ਪੂਰਾ ਕਰਦੇ ਹਾਂ। ਮਾਨ ਨੇ ਔਰਤਾਂ ਨੂੰ 2,500 ਰੁਪਏ ਦੇਣ ਦੇ ਭਾਜਪਾ ਦੇ ਦਾਅਵੇ ਦੀ ਉਦਾਹਰਣ ਦਿੰਦੇ ਹੋਏ ਵਿਰੋਧੀ ਧਿਰ ਦੇ ਖੋਖਲੇ ਵਾਅਦਿਆਂ ਦਾ ਮਜ਼ਾਕ ਉਡਾਇਆ। ਉਨ੍ਹਾਂ ਸਵਾਲ ਕੀਤਾ ਕਿ ਕੀ ਉਨ੍ਹਾਂ ਨੇ ਸਭ ਲੋਕਾਂ ਦੇ ਬੈਂਕ ਖਾਤਿਆਂ ਵਿੱਚ 15-15 ਲੱਖ ਰੁਪਏ ਜਮ੍ਹਾ ਕਰਨ ਦਾ ਆਪਣਾ ਵਾਅਦਾ ਪੂਰਾ ਕੀਤਾ? ਉਨ੍ਹਾਂ ਵਿਅੰਗ ਕੱਸਿਆ ਅਤੇ ਕਿਹਾ ਕਿ ਮੈਨੂੰ ਅਤੇ ਪੰਜਾਬ ਦੇ ਲੋਕਾਂ ਨੂੰ ਵੀ ਉਨ੍ਹਾਂ ਦੇ ਖਾਤਿਆਂ ਵਿੱਚ 15 ਲੱਖ ਰੁਪਏ ਨਹੀਂ ਮਿਲੇ ਕਿਉਂਕਿ ਭਾਜਪਾ ਦੇ ਚੋਣ ਵਾਅਦੇ ‘ਜੁਮਲੇ’ ਹੁੰਦੇ ਹਨ।