ਚੰਡੀਗੜ੍ਹ, 28 ਨਵੰਬਰ : ਸਦੀਆਂ ਤੋਂ ਨਹਿਰੀ ਪਾਣੀ ਦੀ ਉਡੀਕ ਕਰ ਰਹੇ ਚੰਗਰ ਇਲਾਕੇ ਲਈ ਵੱਡੀ ਰਾਹਤ ਦੀ ਖਬਰ ਹੈ ਕਿ ਹੁਣ ਪੰਜਾਬ ਸਰਕਾਰ ਨੇ ਇਸ ਕੰਮ ਲਈ 86.21 ਕਰੋੜ ਰੁਪਏ ਦੀ ਲਾਗਤ ਨਾਲ ਲਿਟਫ ਸਿੰਚਾਈ ਯੋਜਨਾ ਦੀ ਸ਼ੁਰੂਆਤ ਕਰ ਦਿੱਤੀ ਹੈ।
ਲਿਫਟ ਸਿੰਚਾਈ ਯੋਜਨਾ ਦਾ ਨੀਂਹ ਪੱਥਰ ਕੇਂਦਰੀ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਰੱਖਿਆ। ਸ੍ਰੀ ਆਨੰਦਪੁਰ ਸਾਹਿਬ ਅਧੀਨ ਆਉਂਦੇ ਚੰਗਰ ਇਲਾਕੇ ਦੇ ਲੋਕ ਸਦੀਆਂ ਤੋਂ ਬਰਸਾਤੀ ਪਾਣੀ ਨਾਲ ਹੀ ਖੇਤੀਬਾੜੀ ਕਰ ਰਹੇ ਸਨ ਅਤੇ ਉਨ੍ਹਾਂ ਦਾ ਸਾਰਾ ਦਾਰੋਮਦਾਰ ਬਰਸਾਤਾਂ ‘ਤੇ ਹੀ ਨਿਰਭਰ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਹਰਜੋਤ ਸਿੰਘ ਬੈਂਸ ਨੇ ਇਸ ਇਲਾਕੇ ਦੇ ਲੋਕਾਂ ਦੀ ਸਦੀਆਂ ਪੁਰਾਣੀ ਮੰਗ ਪੂਰੀ ਕਰਨ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸਨ। ਹਰਜੋਤ ਬੈਂਸ ਦੇ ਯਤਨਾਂ ਨਾਲ ਹੁਣ ਪੰਜਾਬ ਸਰਕਾਰ ਨੇ ਲਿਫਟ ਸਿੰਚਾਈ ਦੇ ਪ੍ਰੋਜੈਕਟ ਨੂੰ ਮਨਜੂਰੀ ਦੇ ਦਿੱਤੀ ਹੈ।
ਕੇਂਦਰੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਨੀਂਹ ਪੱਥਰ ਰੱਖਣ ਪਿਛੋਂ ਦੱਸਿਆ ਕਿ ਇਸ ਯੋਜਨਾ ਅਧੀਨ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਨੀਮ ਪਹਾੜੀ ਇਲਾਕੇ ਦੇ ਲਗਭਗ ਇਕ ਦਰਜਨ ਪਿੰਡਾਂ ਵਿਚ ਗਰਮੀਆਂ ਵਿਚ ਖੇਤੀਬਾੜੀ ਨੂੰ ਆਉਂਦੀ ਪਾਣੀ ਦੀ ਸਮੱਸਿਆ ਜੜ੍ਹ ਤੋਂ ਹੀ ਖਤਮ ਹੋ ਜਾਵੇਗੀ। ਜਦੋਂ ਬਰਸਾਤਾਂ ਨਹੀਂ ਹੁੰਦੀਆਂ ਤਾਂ ਇਸ ਇਲਾਕੇ ਵਿਚ ਕੋਈ ਫਸਲ ਨਹੀਂ ਹੁੰਦੀ। ਹੁਣ ਲਿਫਟ ਸਿੰਚਾਈ ਦੀ ਵਿਵਸਥਾ ਹੋਣ ਨਾਲ ਗਰਮੀਆਂ ਦੇ ਦਿਨਾਂ ਵਿਚ ਵੀ ਇਨ੍ਹਾਂ ਪਿੰਡਾਂ ਦੇ ਖੇਤਾਂ ਵਿਚ ਫਸਲ ਦੀ ਉਪਜ ਹੋ ਸਕੇਗੀ। ਇਸ ਯੋਜਨਾ ਨਾਲ ਪਿੰਡ ਬੱਢਲ, ਸਮਲਾਹ, ਪਹਾੜਪੁਰ, ਪਖੇੜ, ਮਿੱਢਵਾਂ, ਮਹਿੰਦਲੀ, ਧਨੇੜਾ, ਰਾਏਪੁਰ ਸਾਹਨੀ ਅਤੇ ਕੋਟਲਾ ਪਿੰਡਾਂ ਦੇ 2762 ਏਕੜ ਰਕਬੇ ਨੂੰ ਨਹਿਰੀ ਪਾਣੀ ਮਿਲਣ ਲੱਗੇਗਾ।