ਲੁਧਿਆਣਾ, 1 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕਰਵਾਏ ਗਏ ਅੰਤਰ ਯੂਨੀਵਰਸਿਟੀ ਯੂਥ ਫੈਸਟੀਵਲ ਵਿਚ ਮੁੱਖ ਮਹਿਮਾਨ ਵਜੋਂ ਹਾਜਰੀ ਭਰੀ। ਇਸ ਮੌਕੇ ਉਨ੍ਹਾਂ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਲਈ ਦਿਲ ਲਾ ਕੇ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ।
ਯੂਥ ਫੈਸਟੀਵਲ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿਦਿਆਰਥੀ ਹੀ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਚੰਗੀ ਸੋਚ ਪੈਦਾ ਕਰਨ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਹਰ ਵਿਅਕਤੀ ਵਿਚ ਵੱਖਰੀ ਕਲਾ ਹੁੰਦੀ ਹੈ ਅਤੇ ਹਰ ਵਿਅਕਤੀ ਨੂੰ ਆਪਣੇ ਅੰਦਰਲੀ ਕਲਾ ਨੂੰ ਪਛਾਨਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਹਮੇਸ਼ਾਂ ਚੰਗੇ ਨੰਬਰ ਹੀ ਜਿੰਦਗੀ ਦੀ ਕਾਮਯਾਬੀ ਲਈ ਕਾਫੀ ਨਹੀਂ ਹੁੰਦੇ। ਇਹ ਜ਼ਿੰਦਗੀ ਇਕ ਵਾਰ ਹੀ ਮਿਲਦੀ ਹੈ ਅਤੇ ਇਸ ਨੂੰ ਚੰਗੀ ਤਰਾਂ ਜਿਉਣ ਦਾ ਵੱਲ ਸਿੱਖਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਘੱਟ ਨੰਬਰ ਆਉਣ ਜਾਂ ਕਿਸੇ ਸਟੇਜ਼ ‘ਤੇ ਹਾਰ ਦਾ ਮੂੰਹ ਦੇਖ ਕੇ ਨਿਰਾਸ਼ ਨਹੀਂ ਹੋਣਾ ਚਾਹੀਦਾ। ਭਗਵੰਤ ਮਾਨ ਨੇ ਕਿਹਾ ਕਿ ਉਹ ਖੁਦ ਪਹਿਲੀ ਵਾਰ ਚੋਣ ਹਾਰੇ ਸਨ ਅਤੇ ਉਸੇ ਇਲਾਕੇ ਵਿਚੋਂ ਹੀ ਦੂਜੀ ਵਾਰ ਰਿਕਾਰਡ ਤੋੜ ਫਰਕ ਨਾਲ ਜਿੱਤਣ ਵਿਚ ਕਾਮਯਾਬ ਹੋਏ ਸਨ। ਇਸ ਲਈ ਹਮੇਸ਼ਾਂ ਮਿਹਨਤ ਕਰਦੇ ਰਹਿਣਾ ਹੀ ਜ਼ਿੰਦਗੀ ਹੈ। ਤੁਹਾਡੇ ਸੁਪਨੇ ਉੱਚੇ ਹੋਣੇ ਚਾਹੀਦੇ ਹਨ।
ਭਗਵੰਤ ਮਾਨ ਨੇ ਯੂਥ ਫੈਸਟੀਵਲ ਵਿਚ ਆਪਣੀ ਪ੍ਰਫਾਰਮੈਂਸ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਹੌਂਸਲਾ ਦਿੰਦਿਆਂ ਕਿਹਾ ਕਿ ਉਹ ਵੀ ਇਨ੍ਹਾਂ ਸਟੇਜ਼ਾਂ ਦੀ ਹੀ ਪੈਦਾਇਸ਼ ਹਨ। ਆਪਣੇ ਕਾਲਜ ਦੇ ਦਿਨਾਂ ਵਿਚ ਉਹ ਖੁਦ ਇਨ੍ਹਾਂ ਸਟੇਜ਼ਾਂ ‘ਤੇ ਮੁਕਾਬਲਿਆਂ ਵਿਚ ਹਿੱਸਾ ਲੈਂਦੇ ਰਹੇ ਹਨ। ਕਦੇ ਉਹ ਜਿੱਤ ਜਾਂਦੇ ਸਨ ਅਤੇ ਕਦੇ ਹਰ ਵੀ ਜਾਂਦੇ ਸਨ। ਇਨ੍ਹਾਂ ਯੁਵਕ ਮੇਲਿਆਂ ਨੇ ਹੀ ਉਸ ਨੂੰ ਸਟੇਜ਼ ‘ਤੇ ਬੋਲਣਾ ਸਿਖਾਇਆ ਅਤੇ ਇਸੇ ਕਲਾ ਕਰਕੇ ਹੀ ਉਹ ਹੁਣ ਮੁੱਖ ਮੰਤਰੀ ਦੇ ਆਹੁਦੇ ‘ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵਲੋਂ ਤਰਜੀਹੀ ਤੌਰ ‘ਤੇ ਨੌਜਵਾਨਾਂ ਦੇ ਰੌਸ਼ਨ ਭਵਿੱਖ ਲਈ ਕੰਮ ਕੀਤਾ ਜਾ ਰਿਹਾ ਹੈ। ਨੌਜ਼ਵਾਨਾਂ ਦੀ ਭਲਾਈ ਲਈ ਸਰਕਾਰ ਵਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕਰਮਜੀਤ ਅਣਮੋਲ ਨੇ ਮਿਲ ਕੇ ਸੰਤ ਰਾਮ ਉਦਾਸੀ ਦੀ ਰਚਨਾ ਵੀ ਪੇਸ਼ ਕੀਤੀ, ਜਿਸ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ।