Monday, January 13Malwa News
Shadow

ਡੇਰਾ ਸਰਸਾ ਮਾਮਲੇ ‘ਚ ਸੁਖਬੀਰ ਬਾਦਲ ਨੂੰ ਸੁਣਾਈ ਸਜ਼ਾ

Scs Punjabi

ਅੰਮ੍ਰਿਤਸਰ, 2 ਦਸੰਬਰ : ਸ੍ਰੀ ਅਕਾਲ ਤਖਤ ਸਹਿਬ ਵਿਖੇ ਅੱਜ ਹੋਈ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਖਤ ਸਜ਼ਾ ਸੁਣਾਈ ਗਈ। ਅਕਾਲੀ ਦਲ ਦੀ ਸਰਕਾਰ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ। ਅੱਜ ਉਨ੍ਹਾਂ ਨੂੰ ਸਜ਼ਾ ਸੁਣਾਈ ਗਈ।
ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਦੌਰਾਨ ਲਏ ਗਏ ਫੈਸਲੇ ਵਿਚ ਸੁਖਬੀਰ ਸਿੰਘ ਬਾਦਲ ਨੂੰ 10 ਦਿਨ ਦੀ ਸਜ਼ਾ ਸੁਣਾਈ ਗਈ। ਇਸ ਦੌਰਾਨ 3 ਦਸੰਬਰ ਤੋਂ ਰੋਜ਼ਾਨਾ ਸੁਖਬੀਰ ਸਿੰਘ ਬਾਦਲ ਰਾਤ 12 ਵਜੇ ਤੋਂ ਇਕ ਵਜੇ ਤੱਕ ਪਖਾਨੇ ਸਾਫ ਕਰਨਗੇ। ਇਸ ਤੋਂ ਬਾਅਦ ਉਹ ਇਸ਼ਨਾਨ ਕਰਨ ਪਿਛੋਂ ਇਕ ਘੰਟਾ ਲੰਗਰ ਹਾਲ ਵਿਚ ਜਾ ਕੇ ਬਰਤਨ ਸਾਫ ਕਰਨਗੇ। ਬਰਤਨ ਸਾਫ ਕਰਨ ਤੋਂ ਬਾਅਦ ਉਹ ਇਕ ਘੰਟਾ ਕੀਰਤਨ ਸਰਵਣ ਕਰਨਗੇ। ਇਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਕੋਲ ਹੱਥ ਵਿਚ ਬਰਛਾ ਫੜ੍ਹ ਕੇ ਦਰਸ਼ਨੀ ਸੇਵਾਦਾਰ ਵਜੋਂ ਵੀਲ੍ਹ ਚੇਅਰ ‘ਤੇ ਬੈਠਣਗੇ। ਸੁਖਬੀਰ ਸਿੰਘ ਬਾਦਲ ਦੀ ਲੱਤ ਵਿਚ ਫਰੈਕਚਰ ਹੋਇਆ ਹੈ, ਇਸ ਲਈ ਉਹ ਖੜ੍ਹੇ ਨਹੀਂ ਹੋ ਸਕਦੇ। ਦਰਸ਼ਨੀ ਸੇਵਾਦਾਰ ਵਜੋਂ ਸੇਵਾ ਸਮੇਂ ਉਹ ਦਰਸ਼ਨੀ ਸੇਵਾਦਾਰ ਦਾ ਪੋਸ਼ਾਕਾ ਵੀ ਪਹਿਨਣਗੇ। ਇਸ ਤੋਂ ਬਾਅਦ ਉਹ ਕੀਰਤਨ ਸਰਵਣ ਕਰਨਗੇ ਅਤੇ ਸੁਖਮਨੀ ਸਾਹਿਬ ਦਾ ਪਾਠ ਕਰਨਗੇ। ਇਸ ਪੂਰੀ ਸੇਵਾ ਦੌਰਾਨ ਉਨ੍ਹਾਂ ਦੇ ਗਲ ਵਿਚ ਤਖਤੀ ਪਾਈ ਰਹੇਗੀ।
ਸਿੰਘ ਸਾਹਿਬਾਨ ਨੇ ਹੁਕਮ ਸੁਣਾਇਆ ਕਿ ਸੁਖਬੀਰ ਸਿੰਘ ਬਾਦਲ ਦੋ ਦਿਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਨਗੇ ਅਤੇ ਇਸ ਤੋਂ ਬਾਅਦ ਦੋ ਦੋ ਦਿਨ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਦਮਦਮਾ ਸਾਹਿਬ, ਸ੍ਰੀ ਮੁਕਤਸਰ ਸਾਹਿਬ ਅਤੇ ਫੇਰ ਦੋ ਦਿਨ ਹੀ ਫਤਿਹਗੜ੍ਹ ਸਾਹਿਬ ਵਿਖੇ ਸੇਵਾ ਕਰਨਗੇ।
ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਅਕਾਲੀ ਸਰਕਾਰ ਵਿਚ ਮੰਤਰੀ ਅਤੇ ਹੋਰ ਆਹੁਦਿਆਂ ‘ਤੇ ਰਹੇ ਵੱਖ ਵੱਖ ਅਕਾਲੀ ਨੇਤਾ ਵੀ ਹਾਜਰ ਹੋਏ। ਸਾਰੇ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਖਿਮਾ ਯਾਚਨਾ ਕੀਤੀ ਅਤੇ ਸਾਰਿਆਂ ਨੂੰ ਹੀ ਸਿੰਘ ਸਹਿਬਾਨ ਨੇ ਸਜ਼ਾ ਸੁਣਾਈ। ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਣਾਈ।

Scs Hindi

Scs English